ਚੰਡੀਗੜ੍ਹ: ਫ਼ਰਜ਼ੀ ਪ੍ਰੋਡਕਸ਼ਨ ਕੰਪਨੀ ਖੋਲ੍ਹ ਕੇ ਫ਼ਿਲਮੀ ਹਸਤੀਆਂ ਨੂੰ ਆਪਣੇ ਮੋਹਰੇ ਬਣਾ ਕੇ ਸੈਂਕੜੇ ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਜੋੜੇ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰ 20 ਨਵੰਬਰ ਤਕ ਰਿਮਾਂਡ ਲੈ ਲਿਆ ਹੈ।
ਮੁਲਜ਼ਮ ਨਿਰਦੇਸ਼ਕ ਮਨੂੰ ਪ੍ਰਸ਼ਾਂਤ ਵਿਜ ਅਤੇ ਉਸ ਦੀ ਪਤਨੀ ਪੂਜਾ ਚੌਧਰੀ ਉੱਪਰ ਬਲੂ ਫੌਕਸ ਮੋਸ਼ਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਕੰਪਨੀ ਖੋਲ੍ਹ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਤੋਂ 400 ਕਰੋੜ ਰੁਪਏ ਤਕ ਠੱਗਣ ਦਾ ਇਲਜ਼ਾਮ ਹੈ। ਹੁਣ ਪੁਲਿਸ ਇਨ੍ਹਾਂ ਦੇ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
ਮੁਹਾਲੀ ਦੇ ਫੇਜ਼-11 ਸਾਹਮਣੇ ਇਕੱਠੇ ਹੋਏ ਪੀੜਤ ਲੋਕਾਂ ਮੁਤਾਬਕ ਮੁਲਜ਼ਮ ਨਿਰਦੇਸ਼ਕ ਜੋੜੇ ਦੀ ਕੰਪਨੀ ਵਿੱਚ ਉਨ੍ਹਾਂ ਨਿਵੇਸ਼ ਕੀਤਾ ਸੀ ਅਤੇ ਫਸ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਉਨ੍ਹਾਂ ਨੂੰ 11 ਮਹੀਨੇ ਵਿੱਚ ਨਿਵੇਸ਼ ਕੀਤੀ ਰਕਮ ਦਾ ਢਾਈ ਗੁਣਾ ਵਾਪਸ ਕਰਨ ਦਾ ਝਾਂਸਾ ਦਿੰਦੇ ਸਨ।
ਮੁਹਾਲੀ ਪੁਲਿਸ ਦੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਨਿਰਦੇਸ਼ਕ ਜੋੜੇ ਵਿਰੁੱਧ 100 ਤੋਂ ਵੱਧ ਲੋਕਾਂ ਨੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਲੋਕਾਂ ਤੋਂ ਜਿਨ੍ਹਾਂ ਫ਼ਿਲਮਾਂ 'ਚ ਨਿਵੇਸ਼ ਕਰਵਾਇਆ ਉਹ ਕਦੇ ਵੀ ਰਿਲੀਜ਼ ਨਹੀਂ ਹੋਈਆਂ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।