ਜਲੰਧਰ: ਅਕਾਲੀ ਦਲ ਨੇ ਅੱਜ ਜਲੰਧਰ ਵਿੱਚ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕੀਮ ਤਹਿਤ ਕਾਲਜਾਂ ਨੂੰ ਫੰਡ ਨਾ ਜਾਰੀ ਕਰਨ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਧਰਨਾ ਦਿੱਤਾ। ਧਰਨੇ ਵਿੱਚ ਸੁਖਬੀਰ ਅਤੇ ਮਜੀਠੀਆ ਤੋਂ ਇਲਾਵਾ ਅਕਾਲੀ ਦਲ ਦੇ ਦੋਆਬਾ ਅਤੇ ਮਾਝਾ ਤੋਂ ਕਈ ਲੀਡਰ ਮੌਜੂਦ ਸਨ। ਰੋਸ ਧਰਨੇ ਦੌਰਾਨ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਵੱਲੋਂ ਭੇਜਿਆ ਪੈਸਾ ਕਾਲਜਾਂ ਨੂੰ ਜਾਰੀ ਨਹੀਂ ਕਰ ਰਹੀ। ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅਕਾਲੀ ਦਲ ਦੇ ਕਈ ਵੱਡੇ ਲੀਡਰਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਕਾਂਗਰਸ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਉਹ ਕਾਲਜਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਸਕਾਲਰਸ਼ਿਪ ਦਾ ਪੈਸਾ ਜਾਰੀ ਨਹੀਂ ਕਰ ਰਹੀ। ਇਸ ਦੌਰਾਨ ਯੂਥ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ।
ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਦਾ ਡਾਟਾ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਜਿੰਨੇ ਬੱਚਿਆਂ ਦਾ ਡਾਟਾ ਭੇਜਦੀ ਹੈ ਅਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਫੰਡ ਭੇਜਦੀ ਹੈ। ਸਾਡੇ ਵੇਲੇ ਬਹੁਤ ਬੱਚਿਆਂ ਨੇ ਇਸ ਸਕਾਲਰਸ਼ਿਪ ਤਹਿਤ ਪੜ੍ਹਾਈ ਕੀਤੀ ਹੈ, ਪਰ ਹੁਣ ਕੈਪਟਨ ਸਰਕਾਰ ਕੇਂਦਰ ਸਰਕਾਰ ਵੱਲੋਂ ਭੇਜੇ ਪੈਸੇ ਜਾਰੀ ਨਹੀਂ ਕਰ ਰਹੀ। ਇਸ ਕਾਰਨ ਬਹੁਤ ਸਾਰੇ ਬੱਚੇ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਗਏ। ਵਿਦਿਆਰਥੀਆਂ ਨੇ ਵੀ ਮੰਚ ਤੋਂ ਇਹੋ ਕਿਹਾ ਕਿ ਐਡਮਿਸ਼ਨ ਨਹੀਂ ਮਿਲ ਰਹੀ। ਅਕਾਲੀ ਦਲ ਦੇ ਧਰਨੇ ਦੌਰਾਨ ਉਸ ਵੇਲੇ ਹਾਸੇ ਦਾ ਤਮਾਸ਼ਾ ਹੋਣ ਲੱਗਾ ਜਦ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਬਿਕਰਮ ਮਜੀਠੀਆ ਪੈਰ ਤਿਲ੍ਹਕਣ ਤੋਂ ਬਾਅਦ ਡਿੱਗ ਪਏ। ਉਨ੍ਹਾਂ ਨੂੰ ਮੌਕੇ 'ਤੇ ਹਾਜ਼ਰ ਲੀਡਰਾਂ ਨੇ ਉਠਾਇਆ।