ਫ਼ਰੀਦਕੋਟ: ਬਹੁਚਰਚਿਤ ਫ਼ਰੀਦਕੋਟ ਅਗਵਾ ਕਾਂਡ ਅਤੇ ਨਾਬਾਲਗ ਨਾਲ ਬਲਾਤਕਾਰ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ ਸਾਢੇ  ਚਾਰ ਏਕੜ ਜ਼ਮੀਨ ਨਿਲਾਮ ਕਰ ਦਿੱਤੀ ਗਈ ਹੈ। ਪੀੜਤਾ ਨੂੰ ਮੁਆਵਜ਼ੇ ਦੀ ਰਕਮ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ 91 ਲੱਖ ਰੁਪਏ ਫ਼ੀ ਏਕੜ ਵਿੱਚ ਨਿਸ਼ਾਨ ਸਿੰਘ ਦੀ ਜ਼ਮੀਨ ਦੀ ਨਿਲਾਮੀ ਕੀਤੀ। ਇਹ ਜ਼ਮੀਨ ਫਰੀਦਕੋਟ ਦੀ ਰੈੱਡ ਕਰਾਸ ਸੁਸਾਇਟੀ ਵੱਲੋਂ ਖਰੀਦੀ ਗਈ ਹੈ। ਡਿਪਟੀ ਕਮਿਸ਼ਨਰ ਖ਼ੁਦ ਇਸ ਸੁਸਾਇਟੀ ਦੇ ਚੇਅਰਮੈਨ ਹਨ। ਬੋਲੀਕਾਰ ਨੇ 25 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਗਏ ਹਨ ਤੇ ਬਾਕੀ ਰਕਮ ਅਗਲੇ ਤਿੰਨ ਦਿਨਾਂ ਅੰਦਰ ਜਮ੍ਹਾ ਕਰਵਾਈ ਜਾਏਗੀ।




ਦੱਸਿਆ ਜਾਂਦਾ ਹੈ ਕਿ ਨਿਸ਼ਾਨ ਸਿੰਘ ਦੇ ਡਰ ਕਾਰਨ ਕਿਸੇ ਵੀ ਨੇ ਹੀ ਉਸ ਦੀ ਜ਼ਮੀਨ ਖਰੀਦਣ ਦੀ ਹਿੰਮਤ ਨਹੀਂ ਕੀਤੀ। ਹਾਲਾਂਕਿ ਮਾਲ ਵਿਭਾਗ ਨੇ ਇਸ ਸਬੰਧੀ ਜਨਤਕ ਨੋਟਿਸ ਵੀ ਜਾਰੀ ਕੀਤਾ ਸੀ। ਇਸ ਪਿੱਛੋਂ ਰੈੱਡ ਕਰਾਸ ਸੁਸਾਇਟੀ ਨੇ ਇਹ ਜ਼ਮੀਨ ਖਰੀਦੀ ਹੈ। ਸੁਸਾਇਟੀ ਵੱਲੋਂ ਅੰਗਹੀਣਾਂ ਲਈ ਤਿੰਨ ਸਕੂਲ ਚਲਾਏ ਜਾ ਰਹੇ ਹਨ ਤੇ ਫ਼ਰੀਦਕੋਟ-ਤਲਵੰਡੀ ਬਾਈਪਾਸ ਰੋਡ ’ਤੇ ਨਿਸ਼ਾਨ ਸਿੰਘ ਦੀ ਜ਼ਮੀਨ ਸਕੂਲਾਂ ਦੇ ਨਾਲ ਹੀ ਲੱਗਦੀ ਹੈ। ਸੁਸਾਇਟੀ ਵੱਲੋਂ ਬਿਰਧ ਆਸ਼ਰਮ ਵੀ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਫਰੀਦਕੋਟ ਅਗਵਾ ਕਾਂਡ 'ਚ ਦੋਸ਼ੀ ਨਿਸ਼ਾਨ ਸਿੰਘ ਨੂੰ ਵੱਡਾ ਝਟਕਾ

ਜ਼ਿਕਰਯੋਗ ਹੈ ਕਿ 31 ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋਸ਼ੀ ਨਿਸ਼ਾਨ ਸਿੰਘ ਦੀ ਜ਼ਮੀਨ ਵੇਚ ਕੇ ਪੀੜਤਾ ਨੂੰ ਮੁਆਵਜ਼ੇ ਦੀ 90 ਲੱਖ ਰਕਮ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।  ਪ੍ਰਸ਼ਾਸਨ ਨੂੰ 10 ਹਫ਼ਤਿਆਂ ਅੰਦਰ ਇਸ ਦੀ ਰਿਪੋਰਟ ਦਰਜ ਕਰਾਉਣ ਲਈ ਵੀ ਕਿਹਾ ਗਿਆ ਸੀ। ਨਿਸ਼ਾਨ ਸਿੰਘ ਦੇ ਪਰਿਵਾਰ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਵੀ ਦਿੱਤੀ ਸੀ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਅਗਵਾ ਤੇ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਵਿੱਚ ਨਿਸ਼ਾਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਆਪਣੇ ਪੁੱਤ ਦਾ ਗ਼ਲਤ ਕੰਮ ਵਿੱਚ ਸਾਥ ਦੇਣ ਲਈ ਉਸ ਦੀ ਮਾਂ ਨੂੰ ਵੀ ਸੱਤ ਸਾਲ ਦੀ ਸਜ਼ਾ ਦਿੱਤੀ ਗਈ ਹੈ।