ਪਟਿਆਲਾ: ਪੁਲਿਸ ਨੇ ਨਾਭਾ ਦੀ ਅਨਾਜ ਮੰਡੀ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਦੇ ਬਾਹਰ ਕੈਸ਼ ਵੈਨ ਵਿੱਚੋਂ 50 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਕੁਝ ਹੀ ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਟਿਆਲਾ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਲੁੱਟ ਦਾ ਸਾਰਾ ਪੈਸਾ ਵੀ ਬਰਾਮਦ ਕਰ ਲਿਆ ਹੈ। ਲੁਟੇਰਿਆਂ ਨੇ ਅੱਜ ਸਵੇਰੇ ਪਹਿਲਾਂ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਾਂਦੇ ਹੋਏ ਬੈਂਕ ਗਾਰਡ ਨੂੰ ਗੋਲ਼ੀ ਮਾਰ ਗਏ ਸਨ।
ਨਾਭਾ ਦੀ ਅਨਾਜ ਮੰਡੀ ਵਾਲੀ ਐਸਬੀਆਈ ਬੈਂਕ ਬ੍ਰਾਂਚ ਦੇ ਬਾਹਰ ਬੁੱਧਵਾਰ ਸਵੇਰੇ ਮੁਲਾਜ਼ਮ ਕੈਸ਼ ਵੈਨ ਵਿੱਚੋਂ ਪੈਸੇ ਲੈ ਕੇ ਅੰਦਰ ਜਾ ਰਹੇ ਸਨ ਤਾਂ ਦੋ ਹਥਿਆਰਬੰਦ ਲੁਟੇਰੇ ਆ ਗਏ। ਉਨ੍ਹਾਂ ਬੰਦੂਕ ਦੀ ਨੋਕ 'ਤੇ 50 ਲੱਖ ਰੁਪਏ ਲੁੱਟੇ ਅਤੇ ਫਰਾਰ ਹੋ ਗਏ। ਲੁਟੇਰਿਆਂ ਨੇ ਗਾਰਡ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਜਾਂਦੇ-ਜਾਂਦੇ ਉਸ ਦੀ ਰਾਈਫ਼ਲ ਵੀ ਨਾਲ ਹੀ ਲੈ ਗਏ। ਗਾਰਡ ਪ੍ਰੇਮ ਚੰਦ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਬੈਂਕ ਦੀ ਕੈਸ਼ ਵੈਨ ਦੇ ਡਰਾਇਵਰ ਇਕਬਾਲ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਬੈਂਕ ਸਾਹਮਣੇ ਕਾਰ ਰੋਕ ਕੇ ਕੈਸ਼ ਬੈਂਕ ਵਿੱਚ ਲਿਜਾਣ ਲੱਗੇ ਤਾਂ ਇੱਕ ਲੁਟੇਰੇ ਨੇ ਉਸ ਦੇ ਸਿਰ 'ਤੇ ਪਿਸਤੌਲ ਤਾਣ ਲਿਆ। ਉਸ ਨੇ ਦੱਸਿਆ ਕਿ ਦੂਜੇ ਨੇ ਬੈਂਕ ਦੇ ਗਾਰਡ ਨੂੰ ਗੋਲ਼ੀ ਮਾਰ ਦਿੱਤੀ ਅਤੇ ਪੈਸੇ ਖੋਹ ਕੇ ਭੱਜ ਗਏ। ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਖ਼ੁਦ ਲੁਟੇਰਿਆਂ ਨੂੰ ਫੜਨ ਵਿੱਚ ਰੁੱਝ ਗਏ ਸਨ। ਉਨ੍ਹਾਂ ਕੁਝ ਹੀ ਘੰਟਿਆਂ ਵਿੱਚ ਇਸ ਆਪ੍ਰੇਸ਼ਨ ਨੂੰ ਸਫ਼ਲਤਾ ਪੂਰਬਕ ਅੰਜਾਮ ਦਿੱਤਾ ਹੈ।