ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਅਟਕਲਾਂ 'ਤੇ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਨੇ ਵਿਰ੍ਹਾਮ ਲਾ ਦਿੱਤਾ ਹੈ। ਜਦੋਂ ਤੋਂ ਸਿੱਧੂ ਦੇ 'ਆਪ' 'ਚ ਜਾਣ ਦੀਆਂ ਖ਼ਬਰਾਂ ਨੇ ਜ਼ੋਰ ਫੜ੍ਹਿਆ ਸੀ ਉਦੋਂ ਹੀ ਕਾਂਗਰਸੀ ਲੀਡਰਸ਼ਿਪ 'ਚ ਵੀ ਹਲਚਲ ਤੇਜ਼ ਹੋ ਗਈ ਸੀ। ਅਜਿਹੇ ਚ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਿੱਧੂ ਕਾਂਗਰਸ ਦਾ ਹੀ ਹਿੱਸਾ ਰਹਿਣਗੇ। ਕੈਪਟਨ ਨੇ ਨਾਲ ਹੀ ਕਿਹਾ ਕਿ ਸਿੱਧੂ ਕਾਂਗਰਸ ਹਾਈਕਮਾਨ ਦੇ ਸੰਪਰਕ ਵਿਚ ਹਨ।
ਕੈਪਟਨ ਨੇ ਪ੍ਰਸ਼ਾਂਤ ਕਿਸ਼ੋਤ ਤੋਂ ਇਹ ਗੱਲ ਸਪਸ਼ਟ ਕੀਤੀ ਹੈ ਜਿੰਨ੍ਹਾਂ ਦਾ ਨਾਂਅ ਨਵਜੋਤ ਸਿੱਧੂ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਵਿਚੋਲਗੀ ਨਿਭਾਉਣ ਨੂੰ ਲੈਕੇ ਸੁਰਖ਼ੀਆਂ 'ਚ ਚੱਲ ਰਿਹਾ ਸੀ।
ਕੈਪਟਨ ਨੇ ਕਿਹਾ ਨਵਜੋਤ ਸਿੱਧੂ ਕਾਂਗਰਸ ਦਾ ਹਿੱਸਾ ਹਨ। ਉਨ੍ਹਾਂ ਸਾਫ਼ ਕੀਤਾ ਕਿ ਪ੍ਰਸ਼ਾਂਤ ਕਿਸ਼ੋਰ ਵੱਲੋਂ 'ਆਪ' ਨਾਲ ਸਿੱਧੂ ਦੀ ਗੰਢਤੁਪ ਕਰਾਉਣ ਦੀਆਂ ਖ਼ਬਰਾਂ ਝੂਠੀਆਂ ਹਨ। ਇਸ ਗੱਲ ਲਈ ਪ੍ਰਸ਼ਾਂਤ ਕਿਸ਼ੋਰ ਨੇ ਖੁਦ ਸਪਸ਼ਟ ਕੀਤਾ ਹੈ।
ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਆਪਸੀ ਕੁੜੱਤਣ ਤੋਂ ਬਾਅਦ ਸਿੱਧੂ ਨੂੰ ਹੌਲੀ-ਹੌਲੀ ਪਾਰਟੀ 'ਚ ਸਾਇਡਲਾਇਨ ਕਰ ਦਿੱਤਾ ਗਿਆ ਸੀ। ਸਿੱਧੂ ਨੇ ਚੁੱਪ ਧਾਰਦਿਆਂ ਆਪਣੇ ਕੈਬਨਿਟ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਚੁੱਪੀ ਧਾਰੀ ਬੈਠੇ ਹੋਏ ਹਨ।
ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਇਹ ਚਰਚਾ ਛਿੜ ਗਈ ਸੀ ਕਿ ਸਿੱਧੂ 'ਆਪ' 'ਚ ਸ਼ਾਮਲ ਹੋਣ ਜਾ ਰਹੇ ਹਨ। ਇਹ ਖ਼ਬਰਾਂ ਇਸ ਲਈ ਵੀ ਸੱਚ ਲੱਗੀਆਂ ਕਿਉਂਕਿ ਸਿੱਧੂ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ 'ਚ ਕੋਈ ਹਿਲਜੁਲ ਨਹੀਂ ਦਿਖਾਈ।
ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਇਹ ਦਾਅਵਾ ਕਰ ਦਿੱਤਾ ਹੈ ਕਿ ਸਿੱਧੂ ਕਾਂਗਰਸ ਦਾ ਹੀ ਹਿੱਸਾ ਰਹਿਣਗੇ ਉੱਥੇ ਹੀ ਉਨ੍ਹਾਂ 2022 ਵਿਧਾਨ ਸਭਾ ਚੋਣਾਂ ਲੜ੍ਹਨ ਲਈ ਵੀ ਬਿਗਲ ਵਜਾ ਦਿੱਤਾ ਹੈ। ਅਜਿਹੇ 'ਚ ਹੁਣ ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ 'ਚ ਕੀ ਆਧਾਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿਸ ਤਰ੍ਹਾਂ ਸਿੱਧੂ ਤੇ ਕੈਪਟਨ ਵਿਚਾਲੇ ਆਪਸੀ ਖਿੱਚੋਤਾਣ ਜੱਗ ਜ਼ਾਹਰ ਹੋਈ ਸੀ ਉਸ ਨੂੰ ਦੇਖਦਿਆਂ ਤਾਂ ਇਹੀ ਕਿਹਾ ਜਾ ਸਕਦਾ ਕਿ 'ਇਕ ਮਿਆਨ 'ਚ ਦੋ ਤਲਵਾਰਾਂ' ਨਹੀਂ ਰਹਿ ਸਕਦੀਆਂ।
ਓਧਰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਸਿੱਧੂ ਦਾ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਣ 'ਤੇ ਸੁਆਗਤ ਕੀਤੇ ਜਾਣ ਦੀਆਂ ਖ਼ਬਰਾਂ ਹਨ। ਕੇਜਰੀਵਾਲ ਨੇ ਕਿਹਾ ਸਿੱਧੂ ਪਾਰਟੀ 'ਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ। ਪਰ ਆਮ ਆਦਮੀ ਪਾਰਟੀ ਵੱਲੋਂ ਸਿੱਧੂ ਨਾਲ ਕਿਸੇ ਵਿਅਕਤੀ ਰਾਹੀਂ ਗੱਲਬਾਤ ਕੀਤੇ ਜਾਣ ਬਾਰੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ