ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੰਦੇ ਭਾਰਤ ਮਿਸ਼ਨ ਚਲਾਇਆ ਜਾ ਰਿਹਾ ਹੈ। ਮਿਸ਼ਨ ਦੇ ਤੀਜੇ ਗੇੜ ਤਹਿਤ ਏਅਰ ਇੰਡੀਆ ਨੇ ਸ਼ੁੱਕਰਵਾਰ ਅਮਰੀਕਾ, ਕੈਨੇਡਾ ਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਲਈ ਕਰੀਬ 300 ਉਡਾਣਾਂ ਲਈ ਬੁਕਿੰਗ ਖੋਲ੍ਹੀ। ਬੁਕਿੰਗ ਸ਼ੁਰੂ ਹੁੰਦਿਆਂ ਹੀ ਯਾਤਰੀਆਂ ਦੀ ਮੰਗ ਵਧ ਗਈ ਤੇ ਪਹਿਲੇ ਦੋ ਘੰਟਿਆਂ 'ਚ ਹੀ ਏਅਰ ਇੰਡੀਆ ਦੀ ਵੈਬਸਾਇਟ 'ਤੇ ਲੋਕਾਂ ਨੇ ਛੇ ਕਰੋੜ ਵਾਰੀ ਪਹੁੰਚ ਕੀਤੀ।

ਕਈ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਟਿਕਟ ਨਾ ਮਿਲਣ ਨੂੰ ਲੈ ਕੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ। ਲੋਕਾਂ ਨੇ ਲਿਖਿਆ ਕਿ ਖੁੱਲ੍ਹਣ ਤੋਂ ਕੁਝ ਘੰਟੇ ਬਾਅਦ ਹੀ ਏਅਰ ਇੰਡੀਆਂ ਵੈਬਸਾਇਟ ਨੇ ਠੀਕ ਢੰਗ ਨਾਲ ਕੰਮ ਨਹੀਂ ਕੀਤਾ ਤੇ ਜ਼ਿਆਦਾਤਰ ਉਡਾਣਾਂ ਦੀਆਂ ਟਿਕਟਾਂ ਵਿਕ ਗਈਆਂ।


ਏਅਰ ਇੰਡੀਆਂ ਨੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਬੁਕਿੰਗ ਸ਼ੁਰੂ ਕੀਤੀ। ਛੇ ਵੱਜ ਕੇ ਅੱਠ ਮਿੰਟ 'ਤੇ ਟਵਿੱਟਰ 'ਤੇ ਲਿਖਿਆ "ਮਿਸ਼ਨ ਵੰਦੇ ਭਾਰਤ-3 ਤਹਿਤ ਸੀਟਾਂ ਦੀ ਮੰਗ ਜ਼ਿਆਦਾ ਹੈ। ਵੈਬਸਾਈਟ 'ਤੇ ਉਡਾਣਾਂ ਲਈ ਬੁਕਿੰਗ ਲੜੀਬੱਧ ਤਰੀਕੇ ਨਾਲ ਖੋਲ੍ਹੀ ਜਾ ਰਹੀ ਹੈ।"

ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਦੇ ਤੀਜੇ ਗੇੜ ਤਹਿਤ ਦਸ ਜੂਨ ਤੋਂ ਇਕ ਜੁਲਾਈ ਦੌਰਾਨ ਯੂਰਪ, ਆਸਟਰੇਲੀਆ, ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਅਫਰੀਕਾ ਲਈ ਕਰੀਬ 300 ਉਡਾਣਾਂ ਚਲਾਏਗਾ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਟਿਕਟਾਂ ਦੀ ਜ਼ਿਆਦਾ ਕੀਮਤ ਨੂੰ ਲੈ ਕੇ ਆਲੋਚਨਾ ਹੋਈ ਸੀ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਹ ਟਿਕਟ ਦੇ ਜਾਇਜ਼ ਪੈਸੇ ਹੀ ਵਸੂਲ ਰਹੀ ਹੈ।
ਇਹ ਵੀ ਪੜ੍ਹੋ