ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਤੇ ਅਫਸਰਸ਼ਾਹੀ ਦਰਮਿਆਨ ਇੱਟ-ਖੜੱਕੇ ਮਗਰੋਂ ਪੈਦਾ ਹੋਏ ਤਣਾਅਪੂਰਨ ਮਾਹੌਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਨੇ ਦੋਹਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਗੱਲਬਾਤ ਕੀਤੀ, ਪਰ ਇਹ ਹਾਲੇ ਸਾਫ ਨਹੀਂ ਹੋਇਆ ਕਿ ਦੋਵਾਂ ਧਿਰਾਂ ਦੇ ਗਿਲੇ-ਸ਼ਿਕਵੇ ਦੂਰ ਹੋ ਗਏ ਹਨ ਕਿ ਨਹੀਂ।


ਮੁੱਖ ਮੰਤਰੀ ਨੇ ਆਪਣੇ ਨਿੱਜੀ ਫਾਰਮ ਹਾਊਸ ਵਿੱਚ ਅੱਜ ਦੁਪਿਹਰ ਦੇ ਖਾਣੇ 'ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਸਿੰਙ ਫਸਾਉਣ ਵਾਲੇ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਬਾਦਲ 'ਤੇ ਸੱਦਿਆ। ਬੈਠਕ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਮੌਜੂਦ ਸਨ।


ਇਸ ਗ਼ੈਰ ਰਸਮੀ ਮਿਲਣੀ ਮਗਰੋਂ ਹੁਣ ਭਲਕੇ ਰਸਮੀ ਮੀਟਿੰਗ ਯਾਨੀ ਕੈਬਨਿਟ ਮੀਟਿੰਗ ਰੱਖੀ ਗਈ ਹੈ, ਜੋ ਹੁਣ ਕਾਫੀ ਮਹੱਤਵਪੂਰਨ ਬਣ ਗਈ ਹੈ। ਜ਼ਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਮੰਤਰੀ ਤੇ ਖ਼ਜ਼ਾਨਾ ਮੰਤਰੀ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਕਿਸੇ ਵੀ ਬੈਠਕ ਦਾ ਹਿੱਸਾ ਨਹੀਂ ਬਣਨਗੇ, ਜਿਸ ਵਿੱਚ ਕਰਨ ਅਵਤਾਰ ਸਿੰਘ ਸ਼ਾਮਲ ਹੋਣਗੇ।


ਇਹ ਵੀ ਪੜ੍ਹੋ: ਪੁਲਿਸ ਵਿਭਾਗ 'ਚ ਵੱਡੇ ਪੱਧਰ 'ਤੇ ਹੋਣਗੇ ਤਬਾਦਲੇ, ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪਈ


ਹੁਣ ਜਾਪਦਾ ਹੈ ਕਿ ਸਾਰੇ ਮੰਤਰੀ ਮੁੱਖ ਮੰਤਰੀ ਦੇ ਦਫ਼ਤਰ ਵਿਖੇ ਰੱਖੀ ਬੈਠਕ ਵਿੱਚ ਸ਼ਾਮਲ ਹੋਣਗੇ ਤੇ ਚੀਫ ਸੈਕਟਰੀ ਵੀ ਇਸ ਮੀਟਿੰਗ ਦਾ ਹਿੱਸਾ ਹੋ ਸਕਦੇ ਹਨ। ਭਲਕੇ ਰੱਖੀ ਗਈ ਕੈਬਨਿਟ ਮੀਟਿੰਗ ਤੋਂ ਸਾਫ ਹੋ ਜਾਵੇਗਾ ਕਿ ਕੀ ਕੈਪਟਨ ਆਪਣੇ ਮੰਤਰੀਆਂ ਤੇ ਸਿਖਰਲੇ ਅਫਸਰ ਦਰਮਿਆਨ ਸੁਲ੍ਹਾ ਕਰਵਾਉਣ ਵਿੱਚ ਸਫਲ ਹੋਏ ਹਨ ਜਾਂ ਮੰਤਰੀਆਂ ਨੇ ਆਪਣੀ ਹਿੰਡ ਪੁਗਾ ਲਈ ਹੈ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ