ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਹੋ ਕੇ ਪਾਕਿਸਤਾਨ ਦੁਆਲੇ ਹੋ ਗਏ ਹਨ। ਅੱਜ ਫਿਰ ਉਨ੍ਹਾਂ ਨੇ ਗੁਆਂਢੀ ਮੁਲਕ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਪੁਲਵਾਮਾ ਹਮਲੇ ਉਹ ਹੀ ਜ਼ਿੰਮੇਵਾਰ ਹਨ।


ਇਮਰਾਨ ਖਾਨ ਵੱਲੋਂ ਸਬੂਤ ਮੰਗਣ 'ਤੇ ਕੈਪਟਨ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਕਈ ਵਾਰ ਸਬੂਤ ਦੇ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਤਾਂ ਭਾਰਤ ਸਰਕਾਰ ਨੂੰ ਹੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਅਜਹਰ ਮਹਿਮੂਦ ਨੂੰ ਪਾਕਿਸਤਾਨ ਦੀ ਸ਼ਹਿ ਹੈ।

ਯਾਦ ਰਹੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪੁਲਵਾਮਾ ਹਮਲੇ ਮਗਰੋਂ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦਾ ਕੋਈ ਹੱਥ ਨਹੀਂ ਤੇ ਭਾਰਤ ਬਿਨਾ ਕਿਸੇ ਸਬੂਤ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਜਾਂਚ ਲਈ ਤਿਆਰ ਹਨ। ਇਮਰਾਨ ਖਾਨ ਨੇ ਸਵਾਲ ਕੀਤਾ ਕਿ ਉਹ ਅਜਿਹਾ ਹਮਲਾ ਕਿਉਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਂ ਖੁਦ ਅੱਤਵਾਦ ਤੋਂ ਪੀੜਤ ਹੈ।