ਅਸ਼ਰਫ ਢੁੱਡੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਲ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਫਿਰ ਲੜਨਗੇ। ਇਸ ਗੱਲ ਦਾ ਖੁਲਾਸਾ ਖੁਦ ਕੈਪਟਨ ਨੇ ਅੱਜ ਚੰਡੀਗੜ੍ਹ ਵਿੱਚ ਕੀਤਾ। ਇਸ ਦੇ ਨਾਲ ਹੀ ਕੈਪਟਨ ਦੇ ਰਟਾਇਰ ਹੋਣ ਦੀ ਚਰਚਾ ਦਾ ਭੋਗ ਪੈ ਗਿਆ ਹੈ ਤੇ ਕਈ ਸੀਨੀਅਰ ਕਾਂਗਰਸੀ ਲੀਡਰਾਂ ਦੇ ਸੁਫਨੇ ਵੀ ਚਰਨਾ-ਚੂਰ ਹੋ ਗਏ ਹਨ। ਉਂਝ ਕੈਪਟਨ ਨੇ ਪਿਛਲੀਆਂ ਚੋਣਾਂ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ।

ਦਰਅਸਲ ਅੱਜ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਤਿੰਨ ਸਾਲ ਪੂਰੇ ਹੋਏ ਹਨ। 16 ਮਾਰਚ, 2017 ਦੇ ਦਿਨ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਆਪਣੀ ਕਮਾਨ ਸੰਭਾਲੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਸਰਕਾਰ ਦੇ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਫਿਰ ਲੜਨਗੇ।

ਪੰਜਾਬ ਸਰਕਾਰ ਦੇ ਸਮਾਗਮ ਵਿੱਚ ਪਹਿਲਾਂ ਕੈਪਟਨ ਨੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਸਾਹਮਣੇ ਰੱਖੀਆਂ। ਉਸ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਵਿਭਾਗ ਦੀਆਂ ਉਪਲੱਬਧੀਆਂ ਦੇ ਕਸੀਦੇ ਪੜ੍ਹੇ। ਬਾਅਦ ਵਿੱਚ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਤੇ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਵਿਭਾਗ ਦੀਆਂ ਉਪਲੱਬਧੀਆਂ ਪੱਤਰਕਾਰਾਂ ਸਾਹਮਣੇ ਰੱਖੀਆਂ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਕੋਰੋਨਾਵਾਇਰਸ ਕਰਕੇ ਕਰਤਾਰਪੁਰ ਕੌਰੀਡੋਰ ਨੂੰ ਦੋਵਾਂ ਦੇਸ਼ਾ ਨੇ ਬੰਦ ਕਰਨ ਦਾ ਫੈਸਲਾ ਲਿਆ ਹੈ ਪਰ ਕਰਤਾਰਪੁਰ ਲਾਂਘਾ ਹਮੇਸ਼ਾ ਖੁੱਲ੍ਹਾ ਰਹੇਗਾ। ਸਰਕਾਰ ਇਸ ਲਾਂਘੇ ਨੂੰ ਜਲਦ ਤੋਂ ਜਲਦ ਖੋਲ੍ਹਣ ਦਾ ਯਤਨ ਕਰੇਗੀ। ਪੰਜਾਬ ਕਾਂਗਰਸ ਨੇ ਆਪਣੇ ਮੈਨੀਫੈਸਟੋ ਚ 424 ਵਾਅਦੇ ਕੀਤੇ ਸੀ ਤੇ ਇਨ੍ਹਾਂ ਵਾਅਦਿਆਂ ਵਿੱਚੋਂ 225 ਵਾਅਦੇ ਸਰਕਾਰ ਨੇ 3 ਸਾਲਾਂ ਵਿੱਚ ਪੂਰੇ ਕਰ ਲਏ ਹਨ। ਬਾਕੀ 96 ਵਾਅਦਿਆ 'ਤੇ ਕੰਮ ਚੱਲ ਰਿਹਾ ਹੈ। ਕਾਂਗਰਸ ਸਰਕਾਰ 103 ਵਾਅਦੇ ਆਉਣ ਵਾਲੇ 2 ਸਾਲਾਂ ਵਿੱਚ ਪੂਰੇ ਕਰ ਦੇਵੇਗੀ।

ਕੈਪਟਨ ਨੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਆਪਣਾ ਯੂਟਿਉਬ ਚੈਨਲ ਚਲਾ ਸਕਦਾ ਹੈ। ਕੋਈ ਵੀ ਆਪਣਾ ਯੂ-ਟਿਊਬ ਚੈਨਲ ਚਲਾ ਸਕਦਾ ਹੈ। ਯੂਟਿਊਬ ਚੈਨਲ ਚਲਾਉਣ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਬੀਤੇ ਦਿਨੀਂ ਵਿਧਾਇਕ ਨਵਜੋਤ ਸਿੱਧੂ ਕਾਂਗਰਸ ਹਾਈਕਮਾਨ ਕੋਲ ਪੰਜਾਬ ਦਾ ਰੋਡਮੈਪ ਲੈ ਕੇ ਪਹੁੰਚੇ ਸਨ। ਇਸ ਬਾਰੇ ਕੈਪਟਨ ਨੇ ਕਿਹਾ ਕਿ ਕੋਈ ਵੀ ਪਾਰਟੀ ਲੀਡਰ ਹਾਈਕਮਾਨ ਕੋਲ ਆਪਣੇ ਵਿਚਾਰ ਲੈ ਕੇ ਪਹੁੰਚ ਸਕਦਾ ਹੈ। ਇਸ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ।

ਕੈਪਟਨ ਨੇ ਕਿਹਾ ਕਿ ਉਹ ਸਿੱਧੂ ਨੂੰ ਉਸ ਦੇ ਬਚਪਨ ਤੋਂ ਜਾਣਦੇ ਹਨ। ਉਸ ਦੇ ਪਿਤਾ ਉਨ੍ਹਾਂ ਦੇ ਬਹੁਤ ਚੰਗੇ ਦੋਸਤ ਸੀ। ਨਵਜੋਤ ਸਿੱਧੂ ਕਾਂਗਰਸ ਪਾਰਟੀ ਦਾ ਜਿੰਮੇਵਾਰ ਲੀਡਰ ਹੈ। ਉਹ ਕਾਂਗਰਸੀ ਵਿੱਚ ਹੀ ਰਹੇਗਾ, ਸਾਡੀ ਸਭ ਦੀ ਇੱਕ ਟੀਮ ਹੈ। ਕੈਪਟਨ ਨੇ ਕਿਹਾ ਕਿ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਕਿਸਾਨਾਂ ਦਾ ਸਭ ਤੋਂ ਵੱਧ ਕਰਜ਼ ਮੁਆਫ ਕੀਤਾ ਹੈ। ਪੰਜਾਬ ਵਿੱਚ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਤੋ ਵੱਧ ਅਸੀਂ ਕਰਜ ਮੁਆਫ ਨਹੀਂ ਕਰ ਸਕਦੇ ਸਾਡੀ ਲਿਮਟ ਇੱਥੋਂ ਤਕ ਹੀ ਹੈ।