ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ 12 ਅਗਸਤ ਨੂੰ ਲੰਡਨ ’ਚ ਹੋਣ ਵਾਲੀ ਰੈਫਰੰਡਮ 2020 ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ISI ਦਾ ਸਮਰਥਨ ਪ੍ਰਾਪਤ ਵਿਦੇਸ਼ਾਂ ਵਿੱਚ ਵੱਸੇ ਮੁੱਠੀਭਰ ਸਿੱਖ ਪੰਜਾਬ ਤੇ ਭਾਰਤ ਵਿੱਚ ਫੁੱਟ ਪਾਊ ਨਾਅਰਿਆਂ ਨਾਲ ਗੜਬੜ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੈਫਰੰਡਮ 2020 ਜਿਹੀ ਬੇਤੁਕੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ, ਕਿਉਂਕਿ ਪੰਜਾਬ ਦੇ ਲੋਕ ਸ਼ਾਂਤੀ ਤੇ ਵਿਕਾਸ ਚਾਹੁੰਦੇ ਹਨ।

ਰੈਫਰੰਡਮ 2020 ਰੈਲੀ ਨੂੰ ਰੋਕਣ ਤੋਂ ਇੰਗਲੈਂਡ ਦੀ ਸਰਕਾਰ ਵੱਲੋਂ ਨਾਂਹ ਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਪੰਜਾਬ ਦੇ ਸਿੱਖ ਇਸ ਮੁੱਦੇ ਦੀ ਹਮਾਇਤ ਨਹੀਂ ਕਰਦੇ। ਰਾਇਸ਼ੁਮਾਰੀ ਦਾ ਸਮੁੱਚਾ ਵਪਾਰ ਸਿੱਖ ਫਾਰ ਜਸਟਿਸ (ਐਸਐਫਜੇ) ਤੇ ਇਸ ਨੂੰ ਹੁਲਾਰਾ ਦੇਣ ਵਾਲਿਆਂ ਦਾ ਪੈਸਾ ਇਕੱਠਾ ਕਰਨ ਦਾ ਮਹਿਜ਼ ਇੱਕ ਸਕੈਂਡਲ ਹੈ।

ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਸੂਬੇ ਵਿੱਚ ਅੱਤਵਾਦ ਨੂੰ ਸੁਰਜੀਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਮਸਲਣ ਲਈ ਪੰਜਾਬ ਪੁਲਿਸ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਹ ਇਨ੍ਹਾਂ ਖਾਲਿਸਤਾਨੀ ਤੱਤਾਂ ਨਾਲ ਨਿਪਟਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇ ਉਹ ਹਥਿਆਰਾਂ ਨਾਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਲਾਹ ਹੈ ਕਿ ਉਹ ਸਮਰਪਨ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਕੈਪਟਨ ਨੇ ਐਸਐਫਜੇ ਨੂੰ ਪਖੰਡੀਆਂ ਦੀ ਜੱਥੇਬੰਦੀ ਦੱਸਿਆ ਜਿਸ ਦਾ ਮਾਨਵੀ ਅਧਿਕਾਰਾਂ ਦੇ ਕਾਰਜਾਂ ਨਾਲ ਰੱਤੀ ਭਰ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇੰਗਲੈਂਡ, ਕੈਨੇਡਾ, ਅਮਰੀਕਾ ਤੇ ਜਰਮਨੀ ਵਰਗੇ ਦੇਸ਼ਾਂ ਦੇ ਮੁੱਠੀਭਰ ਬੁਖਲਾਏ ਹੋਏ ਸਿੱਖ ਇਸ ਮੁਹਿੰਮ ਦਾ ਸਮਰਥਨ ਕਰ ਰਹੇ ਹਨ ਜੋ ਜ਼ਿਆਦਾ ਸਮਾਂ ਨਹੀਂ ਚੱਲੇਗੀ।