ਚੰਡੀਗੜ੍ਹ: ਪੰਜਾਬ ਸਰਕਾਰ ਨੇ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ 5ਵੇਂ ਨੌਕਰੀਆਂ ਦੇ ਮੇਲੇ ਦਾ ਐਲਾਨ ਕਰ ਦਿੱਤਾ ਹੈ। ਇਹ ਰੁਜ਼ਗਾਰ ਮੇਲਾ 9 ਤੋਂ 30 ਸਤੰਬਰ ਤੱਕ ਚੱਲੇਗਾ। ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਇਹ ਮੇਲਾ ਲਾਇਆ ਜਾਵੇਗਾ ਜਿਸ ਵਿੱਚ ਲਗਪਗ 1,819 ਕੰਪਨੀਆਂ ਨੌਜਵਾਨਾਂ ਨੂੰ ਨੌਕਰੀਆਂ ਦੇਣਗੀਆਂ। ਇਹ ਕੰਪਨੀਆਂ 3 ਤੋਂ 9 ਲੱਖ ਤਕ ਦਾ ਪੈਕੇਜ ਦੇਣਗੀਆਂ।
ISB ਮੁਹਾਲੀ ਵਿਖੇ 18 ਸਤੰਬਰ ਨੂੰ ਵੱਡੇ ਪੈਕੇਜਿਸ ਦਾ ਐਲਾਨ ਹੋਵੇਗਾ। 5 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਪੜ ਵਿਖੇ ਸਮਾਗਮ ਦੌਰਾਨ ਨਿਯੁਕਤੀ ਪੱਤਰ ਤਕਸੀਮ ਕੀਤੇ ਜਾਣਗੇ। ਇਸ ਸਬੰਧੀ ਉੱਚ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਾਲੇ ਵੀ ਬੇਰੁਜ਼ਗਾਰੀ ਦਾ ਡਾਟਾ ਇਕੱਠਾ ਕਰ ਰਹੀ ਹੈ।
ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਕੀਤਾ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਇੱਕ ਸਪੈਸ਼ਲ ਕਾਲ ਸੈਂਟਰ ਦਾ ਸੈਟਅੱਪ ਕੀਤਾ ਗਿਆ ਹੈ ਤਾਂ ਕਿ ਪੰਜਾਬ ਵਿੱਚ ਹਰ ਬੇਰੁਜ਼ਗਾਰ ਤੱਕ ਟੈਲੀਫੋਨ ਕਰਕੇ ਉਸ ਦੀ ਜਾਣਕਾਰੀ ਲਈ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਸਰਕਾਰ 1 ਲੱਖ ਸਰਕਾਰੀ ਨੌਕਰੀਆਂ ਦਾ ਐਲਾਨ ਕਰਨ ਜਾ ਰਹੀ ਹੈ। ਆਪਣੀ ਮਰਜ਼ੀ ਮੁਤਾਬਿਕ ਬਾਹਰੀ ਮੁਲਕਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਰਕਾਰ ਸਪੈਸ਼ਲ ਸੈੱਲ ਬਣਾਏਗੀ ਤਾਂ ਕਿ ਵਿਦਿਆਰਥੀਆਂ ਨੂੰ ਫ਼ਰਜ਼ੀ ਏਜੰਟਾਂ ਤੋਂ ਬਚਾਇਆ ਜਾ ਸਕੇ।