ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਸ਼ੁਰੂ ਹੋਇਆ ਵਿਵਾਦ ਹੁਣ ਮੰਤਰੀਆਂ ਦੀ ਨਿੱਜੀ ਰੰਜਿਸ਼ ਵਿੱਚ ਬਦਲ ਗਿਆ ਜਾਪਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਦੋ ਮੰਤਰੀ ਖਹਿਬੜਨ ਲੱਗੇ ਹਨ ਤੇ ਉਨ੍ਹਾਂ ਦੀ ਇਹ ਖਹਿਬਾਜ਼ੀ ਵਿੱਚ ਜਾਤੀਵਾਦ ਦੀ ਹਵਾੜ ਵੀ ਮਾਰਨ ਲੱਗੀ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁੱਲ੍ਹ ਕੇ ਦੋਸ਼ ਲਾਇਆ ਹੈ ਕਿ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਹਨ।


ਚੰਨੀ ਮੁਤਾਬਕ ਬਾਜਵਾ ਨੇ ਉਨ੍ਹਾਂ ਖ਼ਿਲਾਫ਼ ਮਹਿਲਾ ਆਈਏਐਸ ਦੀ ਸ਼ਿਕਾਇਤ ਦਾ ਮਾਮਲਾ ਮੁੜ ਤੋਂ ਖੋਲ੍ਹਣ ਦੀ ਧਮਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਇੱਕ ਮਹਿਲਾ ਆਈਏਐਸ ਅਫਸਰ ਨੇ ਚੰਨੀ ਖ਼ਿਲਾਫ਼ ਮੁੱਖ ਮੰਤਰੀ ਕੋਲ ਸ਼ਿਕਾਇਤ ਕੀਤੀ ਸੀ। ਮੰਤਰੀ ਉੱਪਰ ਮਹਿਲਾ ਆਈਏਐਸ ਨੂੰ ਮੋਬਾਈਲ ਸੁਨੇਹੇ ਭੇਜਣ ਦੇ ਦੋਸ਼ ਸਨ, ਜਿਸ 'ਤੇ ਮੁੱਖ ਮੰਤਰੀ ਦੇ ਦਖ਼ਲ ਮਗਰੋਂ ਮੰਤਰੀ ਨੇ ਮੁਆਫੀ ਵੀ ਮੰਗ ਲਈ ਸੀ। ਹਾਲਾਂਕਿ ਬਾਜਵਾ ਨੇ ਅਜਿਹੀ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਬਾਜਵਾ ਨੇ ਕਿਹਾ ਉਹ ਚੰਨੀ ਦੇ ਘਰ ਐਵੇਂ ਹੀ ਮੇਲ-ਗੇਲ ਕਰਨ ਗਏ ਸਨ ਨਾ ਕਿ ਧਮਕਾਉਣ। ਇਸ ਦੌਰਾਨ ਪੰਜਾਬ ਦੇ ਕਈ ਦਲਿਤ ਵਿਧਾਇਕਾਂ ਨੇ ਚੰਨੀ ਦਾ ਪੱਖ ਪੂਰਨ ਦਾ ਐਲਾਨ ਵੀ ਕਰ ਦਿੱਤਾ।


ਗੱਲ ਇੱਥੇ ਹੀ ਨਹੀਂ ਰੁਕੀ, ਬਾਜਵਾ ਦੇ ਸਪੱਸ਼ਟੀਕਰਨ ਮਗਰੋਂ ਚੰਨੀ ਨੇ ਫਿਰ ਤੋਂ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬਾਜਵਾ ਨੇ ਉਨ੍ਹਾਂ ਨੂੰ ਸਾਫ ਤੌਰ ਤੇ ਧਮਕੀ ਦਿੱਤੀ ਸੀ ਕਿ ਉਨ੍ਹਾਂ ਖ਼ਿਲਾਫ਼ ਮਹਿਲਾ ਆਈਏਐਸ ਵਾਲਾ ਮਾਮਲਾ ਮੁੜ ਤੋਂ ਖੁੱਲ੍ਹ ਸਕਦਾ ਹੈ।


ਚੰਨੀ ਮੁਤਾਬਕ ਉਨ੍ਹਾਂ ਬਾਜਵਾ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਸਰਕਾਰ ਉਨ੍ਹਾਂ ਖ਼ਿਲਾਫ਼ ਐਫਆਈਆਰ ਕਰਵਾ ਦੇਵੇ, ਫਿਰ ਦੇਖਾਂਗੇ। ਚੰਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਬਿਊਰੋਕ੍ਰੇਸੀ ਖ਼ਿਲਾਫ਼ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਬਾਜਵਾ ਨੇ ਕਹਿ ਦਿੱਤਾ ਕਿ ਚੰਨੀ ਨੂੰ ਧਮਕਾਉਣ ਦਾ ਉਨ੍ਹਾਂ ਕੋਲ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਚੀਫ ਸੈਕਟਰੀ ਖ਼ਿਲਾਫ਼ ਲਿਆਂਦੇ ਗਏ ਮਤੇ ਦਾ ਸਮਰਥਨ ਕਰਨ ਵਾਲੇ ਉਹ ਤੀਜੇ ਮੰਤਰੀ ਸਨ ਤੇ ਉਹ ਅੱਜ ਵੀ ਇਸ ਸਟੈਂਡ 'ਤੇ ਡਟੇ ਹੋਏ ਹਨ।


ਹੁਣ ਇਸ ਪੂਰੇ ਮਾਮਲੇ 'ਤੇ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਦਖ਼ਲ ਦਿੱਤਾ ਹੈ। ਜਾਖੜ ਨੇ ਸਾਫ ਕੀਤਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਜਲਦ ਹੀ ਸੁਲਝਾ ਦੇਣਗੇ ਅਤੇ ਦੋਵਾਂ ਮੰਤਰੀਆਂ ਦਰਮਿਆਨ ਜਾਰੀ ਮੱਤਭੇਦ ਵੀ ਦੂਰ ਕਰ ਦਿੱਤੇ ਜਾਣਗੇ।