ਚੰਡੀਗੜ੍ਹ : ਕਾਮਨਵੈਲਥ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਸਮੇਤ 4 ਖਿਡਾਰਨਾਂ ਚੰਡੀਗੜ੍ਹ ਪਹੁੰਚੀਆਂ ਹਨ। ਏਅਰਪੋਰਟ 'ਤੇ ਚਾਰੋ ਖਿਡਾਰਨਾਂ ਦਾ ਪਰਿਵਾਰਕ ਮੈਂਬਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਕਿਹਾ ਦੁੱਖ ਹੈ ਗੋਲਡ ਮੈਡਲ ਨਹੀਂ ਜਿੱਤ ਸਕੇ। ਹਰਮਨ ਨੇ ਉਮੀਦ ਜਤਾਈ ਅੱਗੇ ਤੋਂ ਟੀਮ ਹੋਰ ਚੰਗਾ ਪ੍ਰਦਰਸ਼ਨ ਕਰੇਗੀ। 

 

ਹਰਮਨ ਦੇ ਨਾਲ ਮੋਹਾਲੀ ਦੀ ਹਰਲੀਨ ਦਿਓਲ, ਚੰਡੀਗੜ੍ਹ ਦੀ ਤਾਨੀਆ ਭਾਟੀਆ ਤੇ ਹਿਮਾਚਲ ਪ੍ਰਦੇਸ਼ ਦੀ ਰੇਣੁਕਾ ਠਾਕੁਰ ਵੀ ਪਹੁੰਚੇ। ਰੇਣੁਕਾ ਨੇ ਕਿਹਾ ਛੋਟੀ ਛੋਟੀ ਗਲਤੀਆਂ ਕਾਰਨ ਫਾਈਨਲ ਮੈਚ ਗਵਾ ਦਿੱਤਾ, ਮੈਚ ਸਾਡੇ ਹੱਥ ਵਿੱਚ ਸੀ। ਹਰਲੀਨ ਤੇ ਹਰਮਨ ਦੇ ਪਰਿਵਾਰ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਬੇਟੀਆਂ ਨੇ ਪੰਜਾਬ ਦਾ ਹੀ ਨਹੀਂ ਬਲਕਿ ਦੇਸ਼ ਦਾ ਨਾਮ ਰੌਸ਼ਨ ਕੀਤਾ।

 

ਮਹਿਲਾ ਕ੍ਰਿਕਟ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ,ਜਿਸ ਵਿੱਚ ਭਾਰਤੀ ਟੀਮ ਕੋਲ ਸੋਨ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਸੀ। ਭਾਰਤ ਹਾਲਾਂਕਿ ਫਾਈਨਲ ਵਿੱਚ ਫਿਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਆਸਟਰੇਲੀਆ ਤੋਂ ਨੌਂ ਦੌੜਾਂ ਨਾਲ ਹਾਰ ਗਿਆ। ਕਾਮਨਵੈਲਥ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ ਸਿਲਵਰ ਮੈਡਲ ਜਿੱਤਿਆ। 

 

ਭਾਰਤ ਨੂੰ ਆਖਰੀ ਛੇ ਓਵਰਾਂ ਵਿੱਚ 50 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ ਅੱਠ ਵਿਕਟਾਂ ਬਾਕੀ ਸਨ। ਭਾਰਤ ਨੂੰ ਉਦੋਂ ਆਸਾਨੀ ਨਾਲ ਜਿੱਤ ਲੈਣੀ ਚਾਹੀਦੀ ਸੀ ਪਰ ਬੱਲੇਬਾਜ਼ਾਂ ਵੱਲੋਂ ਸ਼ਾਟ ਦੀ ਖ਼ਰਾਬ ਚੋਣ ਕਾਰਨ 13 ਦੌੜਾਂ ਦੇ ਅੰਦਰ ਪੰਜ ਵਿਕਟਾਂ ਗੁਆ ਦਿੱਤੀਆਂ। ਹਰਮਨਪ੍ਰੀਤ ਅਤੇ ਜੇਮਿਮਾ ਰੌਡਰਿਗਜ਼ ਨੇ 96 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਦੋਵਾਂ ਨੇ ਖਰਾਬ ਸ਼ਾਟ ਖੇਡਣ ਤੋਂ ਬਾਅਦ ਆਪਣੀਆਂ ਵਿਕਟਾਂ ਗੁਆ ਦਿੱਤੀਆਂ। 

 

ਦੱਸ ਦੇਈਏ ਕਿ ਕਾਮਨਵੈਲਥ ਖੇਡਾਂ 2022 ਬੀਤੇ ਦਿਨੀਂ ਸਮਾਪਤ ਹੋ ਗਈਆਂ ਤੇ ਭਾਰਤ ਨੇ ਇਹਨਾਂ ਖੇਡਾਂ ਵਿਚ 61 ਮੈਡਲ ਜਿੱਤੇ ਹਨ। ਪਿਛਲੀ ਵਾਰ ਭਾਰਤ ਨੇ 66 ਮੈਡਲ ਜਿੱਤੇ ਸਨ। ਬਰਮਿੰਘਮ ਖੇਡਾਂ ਵਿਚ ਸ਼ੂਟਿੰਗ ਸ਼ਾਮਲ ਨਹੀਂ ਸੀ, ਇਸ ਕਰ ਕੇ ਮੈਡਲ ਵੱਧ ਮੰਨੇ ਜਾ ਸਕਦੇ ਹਨ। 61 ਮੈਡਲਾਂ ਵਿਚ 22 ਗੋਲਡ ਮੈਡਲ, 16 ਸਿਲਵਰ ਮੈਡਲ ਤੇ 23 ਬਰੋਂਜ ਮੈਡਲ ਸ਼ਾਮਲ ਹਨ। ਸਭ ਤੋਂ ਵੱਧ 12 ਮੈਡਲ ਕੁਸ਼ਤੀ ਵਿਚ ਆਏ, ਜਿਸ ਵਿਚੋਂ 6 ਗੋਲਡ ਮੈਡਲ ਸਨ। ਜਦੋਂ ਵੇਟ ਲਿਫਟਰਾਂ ਨੇ 10 ਮੈਡਲ ਜਿੱਤੇ। ਪੀਵੀ ਸਿੰਧੂ ਤੇ ਲਕਸ਼ੇ ਸੇਨ ਨੇ ਬੈਡਮਿੰਟਨ ਵਿਚ ਪਹਿਲੀ ਵਾਰ ਗੋਲਡ ਮੈਡਲ ਜਿੱਤਿਆ। ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਫਾਈਨਲ ਵਿਚ ਆਸਟਰੇਲੀਆ ਹੱਥੋਂ ਹਾਰ ਗਈ ਤੇ ਸਿਵਲਰ ਮੈਡਲ ਜਿੱਤਿਆ।