ਮੋਦੀ ਦੇ ਇੱਕ ਪੈਸੇ ਵਾਲੇ ਤੋਹਫੇ ’ਤੇ ਭੜਕੇ ਕੈਪਟਨ
ਏਬੀਪੀ ਸਾਂਝਾ | 30 May 2018 06:29 PM (IST)
ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪ੍ਰਤੀ ਲਿਟਰ ਇੱਕ-ਇੱਕ ਪੈਸਾ ਕਟੌਤੀ ਕੀਤੇ ਜਾਣ ਨੂੰ ਲੋਕਾਂ ਨਾਲ ਕੋਝਾ ਮਜ਼ਾਕ ਦੱਸਿਆ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 60 ਪੈਸੇ ਤੇ 56 ਪੈਸੇ ਘਟਣ ਬਾਰੇ ਕੀਤੇ ਦਾਅਵਿਆਂ ਦੇ ਉਲਟ ਮਹਿਜ਼ ਇੱਕ-ਇੱਕ ਪੈਸਾ ਘਟਣ ਦੀਆਂ ਰਿਪੋਰਟਾਂ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਕਲੈਰੀਕਲ ਗਲਤੀ ਨਹੀਂ ਮੰਨਿਆ ਜਾ ਸਕਦਾ ਸਗੋਂ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨਾਲ ਮਜ਼ਾਕ ਉਡਾਇਆ ਹੈ। ਸਿਰਫ ਇੱਕ ਪੈਸਾ ਘਟਾਉਣ ਦਾ ਮਜ਼ਾਕ ਉਡਾਉਂਦਿਆਂ ਕੈਪਟਨ ਨੇ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਸੋਸ਼ਲ ਮੀਡੀਆ ’ਤੇ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਕੋਸ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਜਨਤਕ ਭਲਾਈ ਵਾਲੀਆਂ ਸਕੀਮਾਂ ਦੀ ਅਣਹੋਂਦ ਕਾਰਨ ਮੁਲਕ ਵਿੱਚ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਠੱਲ ਪਾਉਣ ਤੋਂ ਅਸਮਰੱਥ ਹੈ, ਭਾਵੇਂ ਕਿ ਕੌਮਾਂਤਰੀ ਮੰਡੀ ਵਿੱਚ ਤੇਲ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ।