ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਦਿੱਤੇ ਗਏ ਬਿਜਲੀ ਮਹਿਕਮੇ ਦੀ ਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸੰਭਾਲ ਲਈ ਹੈ। ਉਨ੍ਹਾਂ ਨੇ ਅਫਸਰਾਂ ਨਾਲ ਬਾਕਾਇਦਾ ਮੀਟਿੰਗਾਂ ਕਰਕੇ ਕੰਮ ਚੁਸਤ-ਦਰੁਸਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਨਵਜੋਤ ਸਿੱਧੂ ਨੇ ਸਥਾਨਕ ਸਰਕਾਰਾਂ ਮਹਿਕਮਾ ਵਾਪਸ ਲਏ ਜਾਣ ਦੇ ਰੋਸ ਕਰਕੇ ਨਵਾਂ ਚਾਰਜ ਨਹੀਂ ਸੰਭਾਲਿਆ ਹੈ। ਇਸ ਕਰਕੇ ਬਿਜਲੀ ਮਹਿਕਮੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ।

ਹਾਸਲ ਜਾਣਕਾਰੀ ਮੁਤਾਬਕ ਸਿੱਧੂ ਵੱਲੋਂ ਆਨਾਕਾਨੀ ਮਗਰੋਂ ਆਖਰ ਕੈਪਟਨ ਨੇ ਬਿਜਲੀ ਵਿਭਾਗ ਦੀ ਨਿਗਰਾਨੀ ਖ਼ੁਦ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਨਾਲ ਬੈਠਕਾਂ ਵੀ ਕੀਤੀਆਂ ਹਨ। ਸਿੱਧੂ ਕੋਲੋਂ ਛੇ ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਖੋਹੇ ਜਾਣ ਮਗਰੋਂ ਉਨ੍ਹਾਂ ਨੂੰ ਬਿਜਲੀ ਵਿਭਾਗ ਸੌਂਪ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਅਜੇ ਤੱਕ ਨਵੇਂ ਮਹਿਕਮੇ ਦੀ ਕਮਾਨ ਨਹੀਂ ਸੰਭਾਲੀ ਸੀ।

ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ ਤੇ ਵਿਭਾਗ ਦੀ ਪ੍ਰਗਤੀ ਰਿਪੋਰਟ ਹਾਸਲ ਕੀਤੀ ਤੇ ਕੁਝ ਜ਼ਰੂਰੀ ਫਾਈਲਾਂ ਨੂੰ ਅੱਗੇ ਤੋਰਨ ਦੀ ਪ੍ਰਵਾਨਗੀ ਵੀ ਦਿੱਤੀ। ਸਕੱਤਰ ਪੱਧਰ ਦੇ ਅਧਿਕਾਰੀ ਨੇ ਮੰਨਿਆ ਕਿ ਮੁੱਖ ਮੰਤਰੀ ਬਿਜਲੀ ਵਿਭਾਗ ਦੀ ਨਿਗਰਾਨੀ ਕਰ ਰਹੇ ਹਨ।

ਉਧਰ, ਨਵਜੋਤ ਸਿੱਧੂ ਨੇ ਮੁੜ ਦਿੱਲੀ ਡੇਰੇ ਲਾਏ ਹਨ। ਮਾਮਲਾ ਹਾਈਕਮਾਨ ਦੇ ਵਿਚਾਰ ਅਧੀਨ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਵੱਡਾ ਮੰਤਰਾਲਾ ਜਾਂ ਫਿਰ ਪਾਰਟੀ ਸੰਗਠਨ 'ਚ ਵੱਡਾ ਅਹੁਦਾ ਚਾਹੁੰਦੇ ਹਨ। ਹਾਈਕਮਾਨ ਵੀ ਸਿੱਧੂ ਨੂੰ ਪਾਰਟੀ ਸੰਗਠਨ ਵਿੱਚ ਚੰਗੀ ਪੁਜ਼ੀਸ਼ਨ ਦੇ ਕੇ ਮਾਮਲਾ ਹੱਲ ਕਰਨਾ ਚਾਹੁੰਦੀ ਹੈ।