ਚੰਡੀਗੜ੍ਹ: ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਕੈਪਟਨ ਧੜਾ ਨਾਖੁਸ਼ ਹੈ। ਇਸ ਲਈ ਪਾਰਟੀ ਅੰਦਰ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ। ਸੂਤਰਾਂ ਅਨੁਸਾਰ ਕੈਪਟਨ ਧੜੇ ਤੇ ਸਿੱਧੂ ਵਿਚਾਲੇ ਅਜੇ ਤਾਲਮੇਲ ਬੈਠਣਾ ਔਖਾ ਹੈ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਦਾ ਕਾਰਜਕਾਲ ਸਿਰਫ ਛੇ ਮਹੀਨੇ ਬਾਕੀ ਹੈ, ਅਜਿਹੀ ਸਥਿਤੀ ਵਿੱਚ ਜੇਕਰ ਕੈਪਟਨ ਧੜਾ ਕੋਈ ਧਮਾਕਾ ਕਰਦਾ ਹੈ, ਤਾਂ ਨਵਜੋਤ ਸਿੱਧੂ ਦੇ ਧੜੇ ਦੇ ਨਾਲ-ਨਾਲ ਕਾਂਗਰਸ ਹਾਈ ਕਮਾਂਡ ਦੀ ਪ੍ਰੇਸ਼ਾਨੀ ਵਧ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਜਿਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ਨੂੰ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ ਤੇ ਕੈਪਟਨ ਨੂੰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ, ਕੈਪਟਨ ਉਸ ਤੋਂ ਬਹੁਤ ਜ਼ਿਆਦਾ ਨਿਰਾਸ਼ ਹਨ। ਹਾਈ ਕਮਾਂਡ ਦੇ ਫੈਸਲੇ ਦਾ ਸਤਿਕਾਰ ਕਰਦਿਆਂ, ਕੈਪਟਨ ਤਦ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਸਹਿਮਤ ਹੋਏ ਸਨ ਤੇ ਇੱਕ ਮਾਮੂਲੀ ਸ਼ਰਤ ਰੱਖੀ ਸੀ ਕਿ ਸਿੱਧੂ ਨੂੰ ਜਨਤਕ ਤੌਰ 'ਤੇ ਉਨ੍ਹਾਂ 'ਤੇ ਕੀਤੀ ਗਈ ਗ਼ਲਤ ਕਿਸਮ ਦੀ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ, ਤਾਂ ਹੀ ਉਹ ਸਿੱਧੂ ਨਾਲ ਗੱਲ ਕਰਨਗੇ।
ਜੇ ਤੁਸੀਂ ਕੈਪਟਨ ਤੇ ਨਵਜੋਤ ਸਿੱਧੂ ਦੀ ਸਿਆਸੀ ਉਚਾਈ ਵਿਚਕਾਰਲੇ ਅੰਤਰ ਨੂੰ ਵੇਖਿਆ ਤੇ ਸਮਝਿਆ ਜਾਵੇ, ਤਾਂ ਇਹ ਸ਼ਰਤ ਕੋਈ ਬਹੁਤੀ ਵੱਡੀ ਨਹੀਂ ਸੀ ਪਰ ਹਾਈ ਕਮਾਂਡ ਨੇ ਕੈਪਟਨ ਨੂੰ ਬਹੁਤ ਹਲਕੇ ਢੰਗ ਨਾਲ ਲਿਆ। ਇੱਥੋਂ ਤੱਕ ਕਿ ਸਿੱਧੂ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਣੇ ਕਈ ਵਿਧਾਇਕਾਂ ਨੂੰ ਮਿਲੇ ਪਰ ਕੈਪਟਨ ਕੋਲ ਨਹੀਂ ਆਏ। ਉਧਰ, ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਮਗਰੋਂ ਸਾਰੇ ਲੀਡਰਾਂ ਦੇ ਪ੍ਰਤੀਕਰਮ ਆਏ ਹਨ ਪਰ ਕੈਪਟਨ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ।
ਮੰਨਿਆ ਜਾ ਰਿਹਾ ਹੈ ਕਿ ਕੈਪਟਨ ਨੇ ਅਜਿਹੀ ਹਾਲਤ ’ਚ ਸਿੱਧੂ ਨੂੰ ਸੂਬਾਈ ਪ੍ਰਧਾਨਗੀ ਸੌਂਪੇ ਜਾਣ ਨੂੰ ਆਪਣੇ ਅਪਮਾਨ ਵਜੋਂ ਲਿਆ ਹੈ। ਇਹ ਵੀ ਅਹਿਮ ਹੈ ਕਿ ਕੈਪਟਨ ਨੇ ਹੀ 1984 ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਮੁੜ ਨਵੀਂ ਰੂਹ ਫੂਕੀ ਸੀ ਤੇ ਜਦੋਂ 2017 ਵਿੱਚ ਦੇਸ਼ ਭਰ ਵਿੱਚ ਕਾਂਗਰਸ ਦਾ ਸਫਾਇਆ ਹੋ ਗਿਆ ਸੀ, ਉਨ੍ਹਾਂ ਆਪਣੇ ਹੀ ਦਮ ਉੱਤੇ ਪੰਜਾਬ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਈ ਸੀ। ਇਸੇ ਲਈ ਹਾਈਕਮਾਂਡ ਦੀ ਅਜਿਹੀ ਕਾਰਵਾਈ ਤੋਂ ਕੈਪਟਨ ਦੁਖੀ ਹੋਏ ਹਨ।
ਹਾਈ ਕਮਾਂਡ ਨੇ ਨਾ ਸਿਰਫ ਸਿੱਧੂ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਹੈ, ਬਲਕਿ ਹੁਣ ਤੱਕ ਉਨ੍ਹਾਂ ਨੇਤਾਵਾਂ ਨੂੰ ਪੂਰੀ ਤਰ੍ਹਾਂ ਨਾਲ ਨਾਰਾਜ਼ ਕਰ ਦਿੱਤਾ ਹੈ ਜੋ ਹੁਣ ਤੱਕ ਸੂਬਾ ਕਾਂਗਰਸ ਦੀ ਵਾਗਡੋਰ ਸੰਭਾਲਦੇ ਰਹੇ ਹਨ। ਹਾਈ ਕਮਾਂਡ ਵੱਲੋਂ ਸਿੱਧੂ ਦੇ ਨਾਲ ਕੰਮ ਕਰਨ ਵਾਲੇ ਮੁਖੀ ਬਣਨ ਵਾਲੇ ਆਗੂ ਵੀ ਸਿੱਧੂ ਦੇ ਹੱਕ ਵਿੱਚ ਰਹੇ ਹਨ। ਇਸ ਤਰ੍ਹਾਂ ਸੂਬਾ ਕਾਂਗਰਸ ਵਿੱਚ ਕੈਪਟਨ ਤੇ ਪੁਰਾਣੇ ਕਾਂਗਰਸੀਆਂ ਦਾ ਦਬਦਬਾ ਖ਼ਤਮ ਹੋ ਗਿਆ ਹੈ।
ਐਤਵਾਰ ਨੂੰ 10 ਵਿਧਾਇਕਾਂ ਨੇ ਕੈਪਟਨ ਦੇ ਹੱਕ ਵਿੱਚ ਹਾਈ ਕਮਾਂਡ ਨੂੰ ਅਪੀਲ ਕੀਤੀ ਸੀ ਕਿ ਉਹ ਪਾਰਟੀ ਕਪਤਾਨ ਨੂੰ ਨਜ਼ਰਅੰਦਾਜ਼ ਨਾ ਕਰਨ ਤੇ ਸਿੱਧੂ ਦੇ ਮਾਫ਼ੀ ਮੰਗਣ ਤੱਕ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਨਾ ਕਰਨ ਪਰ ਹਾਈ ਕਮਾਨ ਨੇ ਕੈਪਟਨ ਕੈਂਪ ਦੀ ਕੋਈ ਗੱਲ ਨਹੀਂ ਸੁਣੀ ਤੇ ਦੇਰ ਸ਼ਾਮ ਸਿੱਧੂ ਦੀ ਨਿਯੁਕਤੀ ਦਾ ਪੱਤਰ ਜਾਰੀ ਕਰ ਦਿੱਤਾ ਗਿਆ। ਹਾਈਕਮਾਨ ਦੀ ਇਸ ਕਾਰਵਾਈ ਦੇ ਕਈ ਅਰਥ ਕੱਢੇ ਜਾ ਰਹੇ ਹਨ ਜੋ ਕੈਪਟਨ ਧੜੇ ਨੂੰ ਪ੍ਰੇਸ਼ਾਨ ਕਰਨ ਵਾਲੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ