ਕੈਪਟਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਲਈ ਜਾਰੀ ਫ਼ੌਜਦਾਰੀ ਹੁਕਮ, ਐਮਪੀ ਜਿਤਾਓ ਨਹੀਂ ਤਾਂ ਕੁਰਸੀਆਂ ਗਵਾਓ
ਏਬੀਪੀ ਸਾਂਝਾ | 24 Apr 2019 04:06 PM (IST)
ਕੈਪਟਨ ਨੇ ਕਿਹਾ ਹੈ ਕਿ ਕਾਂਗਰਸੀ ਹਾਈਕਮਾਨ ਵੱਲੋਂ ਮਿਲੇ ਨਿਰਦੇਸ਼ਾਂ ਮੁਤਾਬਕ ਜਿਹੜੇ ਮੰਤਰੀ ਆਪਣੇ ਲੋਕ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਨਹੀਂ ਸਕੇ ਤਾਂ ਉਨ੍ਹਾਂ ਨੂੰ ਆਪਣੀ ਕੁਰਸੀ ਤੋਂ ਹੱਥ ਧੋਣਾ ਪੈ ਸਕਦਾ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਲਈ ਸਖਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਹਵਾਲੇ ਨਾਲ ਹੁਕਮ ਜਾਰੀ ਕੀਤੇ ਹਨ ਕਿ ਮੰਤਰੀਆਂ ਤੇ ਵਿਧਾਇਕਾਂ ਦੀ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਲਈ ਜਵਾਬਦੇਹੀ ਤੈਅ ਕੀਤੀ ਹੈ। ਜਿੱਤ ਨਾ ਦਿਵਾਉਣ ਵਾਲੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਸ ਦਾ ਅੰਜਾਮ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਹੈ। ਕੈਪਟਨ ਨੇ ਕਿਹਾ ਹੈ ਕਿ ਕਾਂਗਰਸੀ ਹਾਈਕਮਾਨ ਵੱਲੋਂ ਮਿਲੇ ਨਿਰਦੇਸ਼ਾਂ ਮੁਤਾਬਕ ਜਿਹੜੇ ਮੰਤਰੀ ਆਪਣੇ ਲੋਕ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਨਹੀਂ ਸਕੇ ਤਾਂ ਉਨ੍ਹਾਂ ਨੂੰ ਆਪਣੀ ਕੁਰਸੀ ਤੋਂ ਹੱਥ ਧੋਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਇਸ ਵਾਰ ਮਿਸ਼ਨ 13 'ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਲੋਕ ਸਭਾ ਹਲਕਿਆਂ ਦੇ ਸਬੰਧਤ ਵਿਧਾਇਕ ਵੀ ਆਪਣੇ ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਨਾ ਬਣਵਾ ਸਕੇ ਤਾਂ ਅਗਲੀ ਵਾਰ ਉਨ੍ਹਾਂ ਨੂੰ ਅਗਲੀ ਵਿਧਾਨ ਸਭਾ ਟਿਕਟ ਨਹੀਂ ਮਿਲੇਗੀ। ਲੋਕ ਸਭਾ ਚੋਣਾਂ ਮਗਰੋਂ ਮਿਲਣ ਵਾਲੀਆਂ ਚੇਅਰਮੈਨੀਆਂ ਨੂੰ ਵੀ ਇਸੇ ਤਰਾਜ਼ੂ ਵਿੱਚ ਤੋਲ ਕੇ ਵੰਡਿਆ ਜਾਵੇਗਾ। ਹਾਲਾਂਕਿ, ਕੈਪਟਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਹੋਕਾ ਦਿੱਤਾ ਸੀ ਕਿ ਇੱਕ ਪਰਿਵਾਰ ਇੱਕ ਅਹੁਦਾ ਪਰ ਇਸ ਲੋਕ ਸਭਾ ਚੋਣਾਂ ਦੌਰਾਨ ਉਹ ਆਪਣੀ ਪਤਨੀ ਲਈ ਲੋਕ ਸਭਾ ਟਿਕਟ ਦਿਵਾ ਕੇ ਆਪਣੇ ਨਿਯਮ ਦੀ ਹੋੜ ਰਹੇ ਹਨ। ਜੇਕਰ ਇਸ ਵਾਰ ਕੈਪਟਨ ਵਾਕਿਆ ਹੀ 'ਗੰਭੀਰ' ਹਨ ਤਾਂ ਕਾਂਗਰਸ ਨੂੰ ਪਟਿਆਲਾ, ਫ਼ਿਰੋਜ਼ਪੁਰ, ਬਠਿੰਡਾ ਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਵਿੱਚੋਂ ਮਿਲਣ ਵਾਲੀ ਸਖ਼ਤ ਚੁਨੌਤੀ ਕਾਰਨ ਖ਼ੁਦ ਆਪਣੀ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਖੇਡ ਮੰਤਰੀ ਰਾਣਾ ਗੁਰਮੀਤ ਸੋਢੀ, ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੁਰਸੀ 'ਤੇ ਤਲਵਾਰ ਲਟਕ ਗਈ ਜਾਪਦੀ ਹੈ।