ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਪ੍ਰਵਾਸੀ ਭਾਰਤੀਆਂ ਦੀ ਆਮਦ ਨੂੰ ਫਿਲਹਾਲ ਰੋਕਣ ਦੀ ਲੋੜ ਹੈ। ਇਸ ਦੇ ਲਈ ਅੰਤਰਰਾਸ਼ਟਰੀ ਹਵਾਈ ਉਡਾਣਾਂ 'ਤੇ ਦੋ ਹਫਤਿਆਂ ਲਈ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ, ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਇੱਕ ਵਿੱਤੀ ਪੈਕੇਜ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਵਿੱਚ ਨਿਰੰਤਰ ਜਾਂਚ ਕੀਤੀ ਜਾ ਰਹੀ ਹੈ, ਇਸ ਦੇ ਬਾਵਜੂਦ, ਅੰਤਰਰਾਸ਼ਟਰੀ ਉਡਾਣਾਂ ਨੂੰ ਆਉਣ ਜਾਣ ਤੋਂ ਰੋਕਣ ਲਈ ਦੋ ਹਫ਼ਤਿਆਂ ਲਈ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਕੈਪਟਨ ਨੇ ਇਹ ਮੰਗਾਂ ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਦੌਰਾਨ ਕੀਤੀਆਂ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਅਤੇ ਲੈਬਾਂ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਸਿੱਧ ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਨੂੰ ਟੈਸਟ ਕਰਵਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਪ੍ਰਮਾਣਿਤ ਮਰੀਜ਼ਾਂ ਦੇ ਨਜ਼ਦੀਕੀਆਂ ਨੂੰ ਵੀ ਟੈਸਟ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਬੇਸ਼ਕ ਉਹ ਕੋਰੋਨਾ ਦੇ ਸੰਕੇਤ ਨਹੀਂ ਦਿਖਾਉਂਦੇ।
ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਸਾਰਿਆਂ ਨੂੰ ਪੰਜ ਕਿੱਲੋ ਕਣਕ ਵਾਧੂ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਸੰਕਟ ਦੌਰਾਨ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਨਰੇਗਾ ਲੇਬਰ ਨੂੰ ਅਦਾਇਗੀ ਕਰਨ ਦੀ ਆਗਿਆ ਦੇਣ ਦੀ ਵੀ ਅਪੀਲ ਕੀਤੀ ਗਈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਕਿ ਆਰਥਿਕ ਸਥਿਤੀ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਜਲਦੀ ਹੀ ਇੱਕ ਨੀਤੀ ਬਣਾਈ ਜਾਵੇ। ਪ੍ਰਧਾਨਮੰਤਰੀ ਨੂੰ ਕੋਰੋਨਾ ਪ੍ਰਭਾਵਿਤ ਲੋਕਾਂ, ਪੁਸ਼ਟੀ ਕੀਤੇ ਮਾਮਲਿਆਂ ਅਤੇ ਰਾਜ ਵਿੱਚ ਸਕ੍ਰੀਨਿੰਗ ਕੀਤੇ ਗਏ ਲੋਕਾਂ ਬਾਰੇ ਵੀ ਦੱਸਿਆ ਗਿਆ। ਅੰਤਰਰਾਸ਼ਟਰੀ ਜਾਂਚ ਚੌਕੀਆਂ 'ਤੇ ਕੀਤੀ ਜਾ ਰਹੀ ਸਕ੍ਰੀਨਿੰਗ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕੈਪਟਨ ਦੀ ਕੇਂਦਰ ਨੂੰ ਅਪੀਲ, ਦੇਸ਼ 'ਚ ਐਨਆਰਆਈ ਆਉਣ 'ਤੇ ਲੱਗੇ ਰੋਕ
ਏਬੀਪੀ ਸਾਂਝਾ
Updated at:
21 Mar 2020 04:24 PM (IST)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਪ੍ਰਵਾਸੀ ਭਾਰਤੀਆਂ ਦੀ ਆਮਦ ਨੂੰ ਫਿਲਹਾਲ ਰੋਕਣ ਦੀ ਲੋੜ ਹੈ।
- - - - - - - - - Advertisement - - - - - - - - -