ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਕਰਨ ਦਾ ਵਾਅਦਾ ਨਾ ਪੂਰਾ ਕਰਨ ਦੇ ਕੀ ਕੀ ਗੰਭੀਰ ਸਿੱਟੇ ਨਿਕਲਣਗੇ ਇਸ ਦਾ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੰਦਾਜ਼ਾ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਉਨ੍ਹਾਂ ਦੀ ਸੰਪੂਰਨ ਕਰਜ਼ਾ ਮਾਫ਼ੀ ਦਾ ਵਾਅਦਾ ਵੋਟਾਂ ਲੈਣ ਦੀ ਖਾਤਰ ਕਰ ਤਾਂ ਲਿਆ, ਪਰ ਇਸਦੇ ਨਾਲ ਕਿੰਨਿਆਂ ਘਰਾਂ ਦੇ ਜਜ਼ਬਾਤ ਪ੍ਰਭਾਵਿਤ ਹੋਏ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਬੈਠੇ ਸ਼ਾਇਦ ਹੀ ਕਦੀ ਪਤਾ ਲੱਗਣ। ਪਰ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਇਨ੍ਹਾਂ ਝੂਠੇ ਲਾਰਿਆਂ ਦੇ ਨਾਲ ਬੁੱਝੇ ਉਹ ਅੱਜ ਵੀ ਦੁੱਖਾਂ ਦੀ ਮਾਰ ਝੱਲ ਰਹੇ ਹਨ

ਅਜਿਹੀ ਹੀ ਮਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਤੇੜਾਂ ਕਲਾਂ ਪਿੰਡ ਦੇ ਮੇਜਰ ਸਿੰਘ ਦਾ ਪਰਿਵਾਰ ਚੱਲ ਰਿਹਾ ਹੈ। ਮੇਜਰ ਸਿੰਘ ਦੇ ਸਿਰ ਗਿਆਰਾਂ ਲੱਖ ਰੁਪਏ ਦਾ ਕਰਜ਼ਾ ਸੀ। ਉਹ ਆਪਣੀ ਢਾਈ ਏਕੜ ਜ਼ਮੀਨ ਦੇ ਵਿੱਚ ਵਾਹੀ ਕਰਕੇ ਕਰਜ਼ਾ ਉਤਾਰ ਰਿਹਾ ਸੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨਾਲ ਸੰਪੂਰਨ ਕਰਜ਼ਾ ਮੁਆਫ਼ੀ ਦਾ ਵਾਅਦਾ ਕਰ ਦਿੱਤਾ।

ਸਰਕਾਰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਣਾ ਲਈ ਕਿਉਂਕਿ ਕਿਸਾਨਾਂ ਨੇ ਧੜਾਧੜ ਵੋਟਾਂ ਵੀ ਪਾ ਦਿੱਤੀਆਂ ਸਨ।ਪਰ ਫਿਰ ਜਦੋਂ ਵਾਅਦੇ ਪੂਰੇ ਕਰਨ ਦੀ ਵਾਰੀ ਆਈ ਤਾਂ ਜਿੱਥੇ ਪੰਜਾਬ ਦੇ ਕਈ ਲੋਕ ਅਤੇ ਕਿਸਾਨ ਭੁਲਾ ਦਿੱਤੇ ਉਸੇ ਵਿੱਚ ਹੀ ਮੇਜਰ ਸਿੰਘ ਦਾ ਪਰਿਵਾਰ ਵੀ ਕੈਪਟਨ ਨੂੰ ਯਾਦ ਨਾ ਆਇਆ।
ਛੇ ਮਹੀਨੇ ਬਾਅਦ ਮੇਜਰ ਸਿੰਘ ਨੇ ਦੋ ਹਜ਼ਾਰ ਸਤਾਰਾਂ ਵਿੱਚ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਜੇਬ ਵਿੱਚੋਂ ਜੋ ਸੁਸਾਈਡ ਨੋਟ ਮਿਲਿਆ ਉਸ ਨੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਲਿਖਿਆ ਕਿ ਉਸ ਦੀ ਮੌਤ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਉਸ ਦਾ ਕਰਜ਼ਾ ਕੈਪਟਨ ਨੇ ਮਾਫ਼ ਨਹੀਂ ਕੀਤਾ ਅਤੇ ਉਹ ਹੁਣ ਕਰਜ਼ਾ ਨਾ ਚੁਕਾਏ ਜਾਣ ਤੋਂ ਪ੍ਰੇਸ਼ਾਨ ਹੈ।

ਮੇਜਰ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਧਰਮ ਪਤਨੀ ਤੇ ਦੋ ਬੱਚੇ ਹਨ ਮਾਂ ਅਤੇ ਪੁੱਤ ਢਾਈ ਏਕੜ ਜ਼ਮੀਨ ਦੇ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਮੇਜਰ ਦੀ ਮੌਤ ਲਈ ਸਾਰਾ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਜ਼ਿੰਮੇਵਾਰ ਮੰਨਦਾ ਹੈ। ਪਰਿਵਾਰ ਇਸ ਕਦਰ ਕੈਪਟਨ ਸਰਕਾਰ ਤੋਂ ਦੁਖੀ ਹੈ ਕਿ ਆਤਮ ਹੱਤਿਆ ਕਰਨ ਤੋਂ ਬਾਅਦ ਪਰਿਵਾਰ ਨੂੰ ਸਿਰਫ਼ ਤਿੰਨ ਲੱਖ ਰੁਪਿਆ ਮਿਲਿਆ। ਪਰ ਨਾ ਆਤਮ ਹੱਤਿਆ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਮਿਲਣ ਵਾਲੀ ਇੱਕ ਸਰਕਾਰੀ ਨੌਕਰੀ ਅਤੇ ਨਾ ਹੀ ਵਾਅਦੇ ਮੁਤਾਬਕ ਪੂਰਾ ਪੰਜ ਲੱਖ ਰੁਪਿਆ ਮਿਲੇ। ਪਰਿਵਾਰ ਦਾ ਮੰਨਣਾ ਹੈ ਕਿ ਸਿਰਫ ਪਰ ਵੋਟਾਂ ਲੈਣ ਦੀ ਖਾਤਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਅਤੇ ਉਨ੍ਹਾਂ ਦੇ ਜਜ਼ਬਾਤਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਖੇਡਿਆ।