ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸਦਨ ਵਿੱਚ ਐਲਾਨ ਕੀਤਾ ਕਿ ਕਿਸਾਨਾਂ ਪ੍ਰਤੀ ਬੇਇਨਸਾਫੀ ਅੱਗੇ ਸਿਰ ਝੁਕਾਉਣ ਦੀ ਬਜਾਏ ਉਹ ਅਸਤੀਫਾ ਦੇਣ ਜਾਂ ਆਪਣੀ ਸਰਕਾਰ ਬਰਖ਼ਾਸਤ ਹੋਣ ਦੇਣ ਲਈ ਤਿਆਰ ਹਨ। ਕੈਪਟਨ ਦੇ ਇਸ ਐਲਾਨ ਤੋਂ ਇਹ ਵੀ ਝਲਕਦਾ ਹੈ ਕਿ ਅਗਲੇ ਸਮੇਂ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਟਕਰਾਅ ਹੋਰ ਤਿੱਖਾ ਹੋ ਸਕਦਾ ਹੈ।

ਕੈਪਟਨ ਨੇ ਕੁਰਬਾਨੀ ਦਾ ਐਲਾਨ ਕਰਦੇ ਹੋਏ ਮੋਦੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਨਤੀਜੇ ਵਜੋਂ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਭੰਗ ਹੋ ਸਕਦੀ ਹੈ ਤੇ ਕੌਮੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤੇ ਰੋਜ਼ੀ-ਰੋਟੀ 'ਤੇ ਲੱਤ ਵੱਜਣ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

ਕੈਪਟਨ ਨੇ ਕਿਹਾ,''ਮੈਂ ਅਸਤੀਫਾ ਦੇਣ ਤੋਂ ਨਹੀਂ ਡਰਦਾ। ਮੈਨੂੰ ਆਪਣੀ ਸਰਕਾਰ ਦੇ ਬਰਖ਼ਾਸਤ ਹੋ ਜਾਣ ਦਾ ਵੀ ਡਰ ਨਹੀਂ ਪਰ ਮੈਂ ਕਿਸਾਨਾਂ ਨੂੰ ਦੁੱਖਾਂ ਦੀ ਭੱਠੀ ਵਿੱਚ ਝੋਕਣ ਜਾਂ ਬਰਬਾਦ ਹੋਣ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵਾਂਗਾ।'' ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਓਪਰੇਸ਼ਨ ਬਲਿਊ ਸਟਾਰ ਦੇ ਸਮੇਂ ਸਿੱਖ ਸਿਧਾਂਤਾਂ ਉਪਰ ਹੋਏ ਹਮਲੇ ਨੂੰ ਸਮਰਥਨ ਜਾਂ ਪ੍ਰਵਾਨ ਕਰਨ ਦੀ ਬਜਾਏ ਉਨ੍ਹਾਂ ਨੇ ਅਸਤੀਫਾ ਦੇਣ ਦਾ ਰਾਹ ਹੀ ਚੁਣਿਆ ਸੀ।
ਵਿਧਾਨ ਸਭਾ ’ਚ ਪੂਰੀ ਰਾਤ ਧਰਨਾ ਦੇਣ ਤੋਂ ਬਾਅਦ ਕੈਪਟਨ ਸਰਕਾਰ ’ਤੇ ਵਰ੍ਹੇ ਸੰਧਵਾਂ

ਕੇਂਦਰ ਸਰਕਾਰ ਨੂੰ ਹਾਲਾਤ ਹੱਥਾਂ ਵਿੱਚੋਂ ਨਿਕਲਣ ਦੀ ਇਜਾਜ਼ਤ ਦੇਣ ਵਿਰੁੱਧ ਸਾਵਧਾਨ ਕਰਦਿਆਂ ਕੈਪਟਨ ਨੇ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਰੋਹ ਵਿੱਚ ਆਏ ਨੌਜਵਾਨ ਕਿਸਾਨਾਂ ਨਾਲ ਸੜਕਾਂ 'ਤੇ ਉੱਤਰ ਸਕਦੇ ਹਨ ਜਿਸ ਨਾਲ ਅਫਰਾ-ਤਫਰੀ ਫੈਲ ਜਾਵੇਗੀ। ਉਨ੍ਹਾਂ ਨੇ ਖ਼ਬਰਦਾਰ ਕਰਦਿਆਂ ਕਿਹਾ ਕਿ ਇਸ ਵੇਲੇ ਜੋ ਵਰਤਾਰਾ ਵਾਪਰ ਰਿਹਾ ਹੈ, ਇਸ ਨਾਲ ਸ਼ਾਂਤਮਈ ਮਾਹੌਲ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ 80ਵੇਂ ਅਤੇ 90ਵੇਂ ਦੇ ਦਹਾਕੇ ਮੌਕੇ ਵੀ ਅਜਿਹਾ ਵੀ ਵਾਪਰਿਆ ਸੀ। ਉਨ੍ਹਾਂ ਕਿਹਾ ਕਿ ਚੀਨ ਤੇ ਪਾਕਿਸਤਾਨ ਦੀ ਆਪਸ ਵਿੱਚ ਗੰਢਤੁੱਪ ਹੈ ਤੇ ਉਹ ਸੂਬੇ ਦੇ ਅਮਨ-ਚੈਨ ਨੂੰ ਭੰਗ ਕਰਨ ਲਈ ਇਸ ਮੌਕੇ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਕੌਮੀ ਸੁਰੱਖਿਆ ਨੂੰ ਗੰਭੀਰ ਖਤਰਾ ਖੜ੍ਹਾ ਹੋ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੌਜੂਦਾ ਸਥਿਤੀ ਨੂੰ ਲੈ ਕੇ ਬੇਚੈਨ ਤੇ ਪ੍ਰੇਸ਼ਾਨ ਹਨ ਅਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਮਝਣਾ ਚਾਹੁੰਦੇ ਹਨ ਕਿ ਕੋਵਿਡ ਦੇ ਸੰਕਟ ਵਿੱਚ ਵੀ ਕਿਸਾਨਾਂ ਲਈ ਅਜਿਹੀ ਬਿਪਤਾ ਕਿਉਂ ਸਹੇੜ ਦਿੱਤੀ।

ਕੈਪਟਨ ਵੱਲੋਂ ਵਿਧਾਨ ਸਭਾ 'ਚ ਪੇਸ਼ ਮਤੇ ਦਾ ਜਾਣੋ ਪੂਰਾ ਸੱਚ, ਕੀ ਕਿਸਾਨਾਂ ਨੂੰ ਹੋਏਗਾ ਲਾਭ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904