ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਰੀਕਰ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਪਰੀਕਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਮੀਡੀਆ ਵਿੱਚ ਇੱਕ ਸਰਕੂਲਰ ਦੀ ਚਰਚਾ ਹੈ ਜਿਹੜਾ ਫੌਜੀ ਅਧਿਕਾਰੀਆਂ ਦਾ ਰੈਂਕ ਗੈਰ ਫੌਜੀ ਅਧਿਕਾਰੀਆਂ ਤੋਂ ਘੱਟ ਦਰਸਾਉਂਦਾ ਹੈ। ਚਰਚਾ ਹੈ ਕਿ ਫੌਜੀ ਅਫਸਰ ਇਸ ਸਰਕੂਲੇਸ਼ਨ ਤੋਂ ਅੌਖੇ ਹਨ।


ਕੈਪਟਨ ਨੇ ਭਾਰਤੀ ਫੌਜ ਦਾ ਮਨੋਬਲ ਕਾਇਮ ਰੱਖਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਰੱਖਿਆ ਮੰਤਰੀ ਵਿਰੁੱਧ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਵਿਭਾਗ ਨੂੰ ਸੰਭਾਲਣ ਲਈ ਉਹ ਅਜਿਹੇ ਨਾਕਾਬਲ ਵਿਅਕਤੀ ਨੂੰ ਅਹੁਦੇ ’ਤੇ ਬਣੇ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦੇ, ਜਿਸ ਨੇ ਫੌਜੀਆਂ ਦਾ ਦਰਜਾ ਸਿਵਲ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਬਰਾਬਰ ਦੇ ਅਹੁਦੇਦਾਰਾਂ ਤੋਂ ਘਟਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ।

ਦਰਅਸਲ ਮੀਡੀਆ ਵਿੱਚ ਖ਼ਬਰ ਛਪੀ ਹੈ ਕਿ ਰੱਖਿਆ ਮੰਤਰੀ ਦੀ ਨਵੀਂ ਚਿੱਠੀ ਨੇ ਸਾਰੇ ਅਹੁਦਿਆਂ ਵਿੱਚ ਫੌਜ ਦਾ ਦਰਜਾ ਘਟਾ ਦਿੱਤਾ ਹੈ। ਕੈਪਟਨ ਨੇ ਰੱਖਿਆ ਮੰਤਰੀ ’ਤੇ ਅਫਸਰਸ਼ਾਹੀ ਦੇ ਹਿੱਤ ਪੂਰਨ ਵਾਸਤੇ ਫੌਜ ਦਾ ਮਨੋਬਲ ਡੇਗਣ ਦੇ ਦੋਸ਼ ਲਾਏ ਹਨ। ਰਿਪੋਰਟ ਮੁਤਾਬਕ ਇੱਕ ਕਰਨਲ ਜੋ ਡਾਇਰੈਕਟਰ ਦੇ ਬਰਾਬਰ ਹੁੰਦਾ ਸੀ, ਦਾ ਦਰਜਾ ਘਟਾ ਕੇ ਉਸ ਨੂੰ ਜੁਆਇੰਟ ਡਾਇਰੈਕਟਰ ਦੇ ਬਰਾਬਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੱਕ ਡਾਇਰੈਕਟਰ ਰੈਂਕ ਦੇ ਸਿਵਲ ਅਫਸਰ ਨੂੰ ਬ੍ਰਿਗੇਡੀਅਰ ਦੇ ਬਰਾਬਰ ਦਰਜਾ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਿੱਜੀ ਤੌਰ ’ਤੇ ਮਾਮਲੇ ਵਿੱਚ ਦਖ਼ਲ ਦੇਣ ਤੇ ਬਿਨਾਂ ਦੇਰੀ ਮੰਤਰਾਲੇ ਦੇ ਇਸ ਫ਼ੈਸਲੇ ਨੂੰ ਵਾਪਸ ਲੈਣ।