ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਵੱਲੋਂ ਮਾਸੂਮ ਬੱਚੇ ਨੂੰ ਦਰੜਨ ਦੀ ਖ਼ਬਰ ਹੈ। ਮਾਮਲਾ ਕੱਲ੍ਹ ਦੇਰ ਸ਼ਾਮ ਦਾ ਹੈ ਜਦੋਂ ਖਹਿਰਾ ਦਾ ਕਾਫਲਾ ਗੋਲੇਵਾਲਾ ਪਾਸਿਓਂ ਆ ਰਿਹਾ ਸੀ ਤਾਂ ਉਸ ਦੇ ਕਾਫਲੇ ਵਿਚ ਸ਼ਾਮਲ ਪਾਇਲਟ ਗੱਡੀ ਨੇ ਫਰੀਦਕੋਟ ਦੀ ਨਾਨਕਸਰ ਬਸਤੀ ਕੋਲ 6 ਸਾਲਾ ਮਾਸੂਮ ਬੱਚੇ ਨੂੰ ਆਪਣੀ ਲਪੇਟ ਵਿਚ ਲੈ ਲਿਆ।

Continues below advertisement


ਹਾਦਸੇ 'ਚ ਬੱਚਾ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੇ ਦੇ ਰਿਸ਼ਤੇਦਾਰ ਆਸ਼ਾ ਰਾਮ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਨ੍ਹਾਂ ਦਾ ਬੱਚਾ ਕਿਸੇ ਲੀਡਰ ਦੇ ਕਾਫਲੇ ਦੀ ਪਾਇਲਟ ਗੱਡੀ ਹੇਠ ਆ ਗਿਆ ਸੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਪਤਾ ਲੱਗਾ ਕਿ ਉਹ ਗੱਡੀ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਸੀ। ਉਨ੍ਹਾਂ ਕਿਹਾ ਕਿ ਗੱਡੀ ਦਾ ਡਰਾਇਵਰ ਹੀ ਬੱਚੇ ਨੂੰ ਹਸਪਤਾਲ ਲੈ ਕੇ ਆਇਆ ਸੀ।


ਇਸ ਬਾਰੇ ਗੱਲਬਾਤ ਕਰਦਿਆਂ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਇਤਲਾਹ ਮਿਲੀ ਸੀ ਕਿ ਕਿਸੇ ਬੱਚੇ ਦਾ ਫਿਰੋਜ਼ਪੁਰ ਰੋਡ 'ਤੇ ਗੱਡੀ ਨਾਲ ਐਕਸੀਡੈਂਟ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।