ਚੰਡੀਗੜ੍ਹ: ਪੰਜਾਬ 'ਚ ਨੌਜਵਾਨਾਂ ਲਈ ਵਿਦੇਸ਼ ਜਾਣਾ ਉਨ੍ਹਾਂ ਦੇ ਸੁਫਨਿਆਂ 'ਚ ਪਹਿਲੇ ਨੰਬਰ 'ਤੇ ਹੈ। ਅਜਿਹੇ 'ਚ ਪੰਜਾਬ 'ਚ ਖੁੰਭਾ ਵਾਂਗ ਖੁੱਲ੍ਹ ਰਹੇ ਆਈਲੈਟਸ ਸੈਂਟਰ ਇੱਕ ਉਦਯੋਗ ਬਣ ਗਏ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੁਣ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਆਈਲੈਟਸ ਦੀ ਤਰਜ਼ 'ਤੇ ਇਨਟ੍ਰੈਕਟਿਵ ਇੰਗਲਿਸ਼ ਲੈਂਗੂਏਜ਼ ਟ੍ਰੇਨਿੰਗ ਫਾਰ ਸਟੂਡੈਂਟਸ (ਆਈਲੈਟਸ) ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਸਟੇਟ ਕੌਂਸਲ ਆਫ ਐਜ਼ੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੇ ਸਹਾਇਕ ਨਿਰਦੇਸ਼ਕ ਬਿੰਦੂ ਗੁਲਾਟੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਯੋਜਨਾ ਬਣਾਈ ਹੈ, ਨੇ ਕਿਹਾ ਕਿ ਉਹ ਇਸ ਪ੍ਰਗੋਰਾਮ ਜ਼ਰੀਏ ਇਹ ਦਾਅਵਾ ਤਾਂ ਨਹੀਂ ਕਰਦੇ ਕਿ ਇਹ ਵਿਦਿਆਰਥੀਆਂ ਦੇ ਪ੍ਰਵਾਸ ਕਰਨ ਵਿੱਚ ਸਹਾਈ ਸਿੱਧ ਹੋਵਗਾ ਪਰ ਇਸ ਪ੍ਰਗੋਰਾਮ ਤਹਿਤ ਉਨ੍ਹਾਂ ਦੀਆਂ ਸਫਲਤਾ ਦੀਆਂ ਸੰਭਾਵਨਾਵਾਂ ਵਿੱਚ ਯਕੀਨਨ ਵਾਧਾ ਹੋਵੇਗਾ।

ਇਸ ਯੋਜਨਾ ਤਹਿਤ ਪਹਿਲੀ ਨਵੰਬਰ ਤੋਂ 1000 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਲਈ ਫਿਲਹਾਲ ਮੌਜੂਦਾ ਸਟਾਫ ਦੀਆਂ ਹੀ ਸੇਵਾਵਾਂ ਲਈਆਂ ਜਾਣਗੀਆਂ।
ਜ਼ਿਕਰੋਯਗ ਹੈ ਕਿ ਵਿਭਾਗ ਦੇ 46 ਅਧਿਆਪਕ ਵਿਸ਼ੇਸ਼ ਤੌਰ 'ਤੇ ਕੈਨੇਡਾ ਤੋਂ ਅੰਗਰੇਜ਼ੀ ਦੀ ਸਿੱਖਿਆ 'ਚ ਮਾਹਿਰ ਹੋ ਕੇ ਆਏ ਹਨ ਜਿਨ੍ਹਾਂ ਵੱਲੋਂ ਦੂਜੇ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ 'ਚ ਟ੍ਰੇਨਿੰਗ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2014 'ਚ ਵਿਭਾਗ ਦੇ 50 ਅਧਿਆਪਕ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਨੇਡਾ ਭੇਜੇ ਗਏ ਸਨ ਤਾਂ ਜੋ ਉਹ ਆਈਲੈਟਸ ਦੀ ਪੁਖਤਾ ਸਿਖਲਾਈ ਲੈ ਸਕਣ। ਇਨ੍ਹਾਂ 'ਚੋਂ ਚਾਰ ਅਧਿਆਪਕ ਸੇਵਾ ਮੁਕਤ ਹੋ ਚੁੱਕੇ ਹਨ।