ਅੰਮ੍ਰਿਤਸਰ:
ਅਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਹਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਅਰਦਾਸ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਇਸ ਵਾਰ ਕੁਝ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਪੁਲਿਸ ਨੇ ਵੀ ਸਿੱਖ-ਹਿੰਦੂ ਤੇ ਸ਼ਿਵ ਸੈਨਾ ਵਿਚਾਲੇ ਟਕਰਾਅ ਦਾ ਖ਼ਦਸ਼ਾ ਪ੍ਰਗਟਾਇਆ ਹੈ, ਜਿਸ ਕਾਰਨ ਅੰਮ੍ਰਿਤਸਰ 'ਚ ਹਥਿਆਰ ਲੈ ਕੇ ਚੱਲਣ 'ਤੇ ਪਾਬੰਦੀ ਲਗਾਈ ਗਈ ਹੈ।

ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਦੇ ਹੁਕਮਾਂ ਅਨੁਸਾਰ ਅਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਸ਼ਹਿਰ ਵਿੱਚ ਸਿੱਖ ਜਥੇਬੰਦੀਆਂ, ਸ਼ਿਵ ਸੈਨਾ, ਹਿੰਦੂ ਜਥੇਬੰਦੀਆਂ ਵੱਲੋਂ ਧਾਰਮਿਕ ਪ੍ਰੋਗਰਾਮ ਕੀਤੇ ਜਾ ਰਹੇ ਹਨ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਡ ਮਾਰਚ ਕੱਢੇ ਜਾਣਗੇ। ਦੋਵਾਂ ਜਥੇਬੰਦੀਆਂ ਵਿਚਾਲੇ ਟਕਰਾਅ ਦੀ ਸੰਭਾਵਨਾ ਹੈ। ਇਸ ਦੌਰਾਨ ਕੋਈ ਵੀ ਸ਼ਰਾਰਤੀ ਅਨਸਰ ਅਮਨ-ਕਾਨੂੰਨ ਨੂੰ ਵਿਗਾੜ ਸਕਦਾ ਹੈ ਜਿਸ ਕਾਰਨ 10 ਜੂਨ ਤੱਕ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਚੱਲਣ ਦੀ ਮਨਾਹੀ ਹੈ।

ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਥਿਆਰ ਲੈ ਕੇ ਜਾਣ ਦੀ ਮਨਾਹੀ ਕੀਤੀ ਹੈ। ਘੱਲੂਘਾਰਾ ਹਫ਼ਤਾ ਜੂਨ 2022 ਦੇ ਪਹਿਲੇ ਹਫ਼ਤੇ ਮਨਾਇਆ ਜਾ ਰਿਹਾ ਹੈ ਤੇ ਇਹ ਹੁਕਮ 10 ਜੂਨ 2022 ਤੱਕ ਲਾਗੂ ਰਹਿਣਗੇ।

ਡੀਸੀਪੀ ਨੇ ਦੱਸਿਆ ਕਿ ਲੋਕ ਹਿੱਤ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਿੱਚ ਹਰ ਕਿਸਮ ਦਾ ਅਸਲਾ, ਲਾਇਸੰਸਸ਼ੁਦਾ ਹਥਿਆਰ, ਵਿਸਫੋਟਕ, ਜਲਣਸ਼ੀਲ ਪਦਾਰਥ ਤੇ ਬਰਛੇ ਸਮੇਤ ਤੇਜ਼ਧਾਰ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ ਪਰ ਫੌਜ ਦੇ ਜਵਾਨ, ਪੈਰਾ-ਮਿਲਟਰੀ ਬਲ ਅਤੇ ਪੁਲਿਸ ਕਰਮਚਾਰੀਆਂ 'ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।