ਚੰਡੀਗੜ੍ਹ: ਬੀਤੇ ਦਿਨ ਮੁਕਤਸਰ ਦੇ ਪਿੰਡ ਬਾਦਲ ਵਿੱਚ 25 ਸਿੱਖ ਜਥੇਬੰਦੀਆਂ ਦੇ 200 ਮੈਂਬਰਾਂ ਨੇ 70 ਗੱਡੀਆਂ ਵਿੱਚ 70 ਕਿਮੀ ਦੂਰ ਆ ਕੇ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਘੇਰੀ। ਪੁਲਿਸ ਨੇ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸੰਗਤਾਂ ਨੇ ਬੈਰੀਕੇਡ ਭੰਨ੍ਹ ਦਿੱਤੇ। ਐਸਐਸਪੀ ਮਨਜੀਤ ਸਿੰਘ ਮੁਤਾਬਕ ਪੁਲਿਸ ਨੇ ਡਿਊਟੀ ਵਿੱਚ ਵਿਘਨ ਪਾਉਣ ਕਰਕੇ ਲੱਖਾ ਸਿਧਾਣਾ ਸਮੇਤ 10 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਖਿਲਾਫ ਲਾਈਆਂ ਧਾਰਾਵਾਂ ਵਿੱਚ ਇਰਾਦਾ ਕਤਲ ਦੀ ਧਾਰਾ 307 ਵੀ ਜੋੜੀ ਗਈ ਹੈ। ਥਾਣਾ ਪੁਲਿਸ ਲੰਬੀ ਨੇ ਕਿਸੇ ਵੇਲੇ ਨਾਮੀ ਗੈਂਗਸਟਰ ਰਹੇ ਲੱਖਾ ਸਿਧਾਣਾ 'ਤੇ 8-10 ਅਣਪਛਾਤੇ ਮੁਲਜ਼ਮਾਂ ਖਿਲਾਫ ਕਾਨੂੰਨ ਤੇ ਵਿਵਸਥਾ ਬਾਰੇ ਪੁਲਿਸ ਡਿਊੂਟੀ ਵਿੱਚ ਵਿਘਨ ਪਾਉਣ ਕਰਕੇ ਮੁਲਜ਼ਮਾਂ ਖ਼ਿਲਾਫ਼ 307, 188, 353, 186, 323, 148, 149 ਤੇ 25, 54, 59 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੇ ਪਿੰਡ ਬਾਦਲ ਵਿੱਚ ਨਾਕੇਬੰਦੀ ਦੌਰਾਨ ਪੁਲਿਸ ਦੀ ਗੱਡੀ ਵਿੱਚ ਗੱਡੀ ਵੀ ਠੋਕੀ ਸੀ। ਇਸੇ ਦੌਰਾਨ ਕੱਲ੍ਹ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਸਤਕਾਰ ਸਭਾ ਦੇ ਸੁਖਜੀਤ ਖੋਸਾ ਵਿੱਚ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋ ਗਿਆ ਜਿਸ ਮਗਰੋਂ ਉਨ੍ਹਾਂ ਦੇ ਸਮਰਥਕ ਵੀ ਆਪਸ ਵਿੱਚ ਉਲਝ ਗਏ। ਇਸੇ ਦੌਰਾਨ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਡਾਂਗਾਂ ਨਾਲ ਇੱਕ-ਦੂਜੇ 'ਤੇ ਹਮਲਾ ਕਰ ਦਿੱਤਾ। ਕਰੀਬ ਅੱਧੀ ਦਰਜਨ ਸਮਰਥਕ ਜ਼ਖ਼ਮੀ ਹੋ ਗਏ। ਦੱਸ ਦੇਈਏ ਇਹ ਵਿਰੋਧ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਖਿਲਾਫ ਕੀਤਾ ਜਾ ਰਿਹਾ ਸੀ। ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਧਿਆਨ ਸਿੰਘ ਮੰਡ ਤੇ ਉਨ੍ਹਾਂ ਦੇ ਸਮਰਥਕਾਂ ਨੇ ਆਈ ਕੁੰਵਰ ਦੇ ਤਬਾਦਲੇ ਖਿਲਾਫ ਬਠਿੰਡਾ ਤੇ ਬਰਗਾੜੀ ਵਿੱਚ ਮਾਰਚ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਮਾਰਚ ਦੀ ਯੋਜਨਾ ਪਹਿਲਾਂ ਹੀ ਬਣ ਚੁੱਕੀ ਸੀ।