ਆਨੰਦਪੁਰ ਸਾਹਿਬ: ਸਿੱਖ ਜਥੇਬੰਦੀਆਂ ਦੀ ਸ਼ਿਕਾਇਤ 'ਤੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗੱਗ 'ਤੇ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ ਲੱਗਾ ਸੀ। ਇਸ ਤੋਂ ਬਾਅਦ ਥਾਣਾ ਆਨੰਦਪੁਰ ਸਾਹਿਬ ਵਿਖੇ ਧਾਰਾ 295-ਏ ਤਹਿਤ ਗੱਗ ਖਿਲਾਫ ਕੇਸ ਦਰਜ ਕੀਤਾ ਗਿਆ। ਦੂਜੇ ਪਾਸੇ ਪਿਛਲੇ ਦਿਨੀਂ ਗੱਗ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।


ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਵੀ ਸੁਰਜੀਤ ਗੱਗ ਸਿੱਖ ਧਰਮ ਖ਼ਿਲਾਫ਼, ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਤੇ ਹੋਰ ਧਰਮਾਂ ਖ਼ਿਲਾਫ਼ ਆਪਣੀਆਂ ਕਵਿਤਾਵਾਂ ਲਿਖ ਕੇ ਫੇਸਬੁਕ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਗ ਦੀਆਂ ਇਨ੍ਹਾਂ ਹਰਕਤਾਂ ਕਾਰਨ ਸਿੱਖ ਭਾਈਚਾਰੇ 'ਚ ਉਸ ਖਿਲਾਫ ਤਿੱਖਾ ਰੋਸ ਹੈ।


ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਗੱਗ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਮਾਹੌਲ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਗੱਗ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਗੱਗ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਸੂਤਰਾਂ ਮੁਤਾਬਕ ਗੱਗ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਹੋ ਸਕਦੀ ਹੈ।


ਪੁਲਿਸ ਨੇ ਸੁਰਜੀਤ ਗੱਗ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਚ ਪੁਲਿਸ ਨੇ ਯਾਦਵ ਸਿੰਘ ਯਾਦੀ ਤੇ ਇੱਕ ਅਣਪਛਾਤੇ ਵਿਅਕਤੀ 'ਤੇ ਆਈਪੀਸੀ ਦੀ ਧਾਰਾ 341,323, 34 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਦੂਜੇ ਪਾਸੇ ਹਸਪਤਾਲ ਵਿਚ ਜ਼ੇਰੇ ਇਲਾਜ ਸੁਰਜੀਤ ਗੱਗ ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ। ਗੱਗ ਨੇ ਕਿਹਾ ਕਿ ਉਹ ਪਹਿਲਾਂ ਵੀ ਸਥਾਨਕ ਪੁਲਿਸ ਨੂੰ ਸ਼ਿਕਾਇਤ ਦੇ ਚੁੱਕਿਆ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਗੱਗ ਨੇ ਕਿਹਾ ਕਿ ਉਸ ਦੀਆਂ ਲਿਖਤਾਂ ਤੇ ਕਵਿਤਾਵਾਂ ਨੂੰ ਸਿੱਖ ਧਰਮ ਦੇ ਲੋਕਾਂ ਨੇ ਪੜ੍ਹਿਆ ਤੇ ਸਲਾਹਿਆ ਹੈ ਪਰ ਕੁਝ ਕੱਟੜਪੰਥੀ ਲੋਕਾਂ ਨੇ ਉਸ ਦੀਆਂ ਲਿਖਤਾਂ ਨੂੰ ਨਿੰਦਦਿਆਂ ਉਸ 'ਤੇ ਜਾਨਲੇਵਾ ਹਮਲੇ ਕੀਤੇ। ਗੱਗ ਨੇ ਖ਼ਦਸ਼ਾ ਜਤਾਇਆ ਕਿ ਪੁਲੀਸ ਉਸ ਨੂੰ ਧੱਕੇ ਨਾਲ ਗ੍ਰਿਫ਼ਤਾਰ ਕਰ ਸਕਦੀ ਹੈ।