ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ 12 ਪੈਸੇ ਤੇ ਡੀਜ਼ਲ ਦੀ ਕੀਮਤ 'ਚ 16 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ। ਵਾਧੇ ਤੋਂ ਬਾਅਦ ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ 90 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈਆਂ ਹਨ। ਜਦਕਿ ਦਿੱਲੀ 'ਚ ਪੈਟਰੋਲ ਦੀ 83 ਰੁਪਏ 12 ਪੈਸੇ ਪ੍ਰਤੀ ਲੀਟਰ ਜਦਕਿ ਡੀਜ਼ਲ 75 ਰੁਪਏ 25 ਪੈਸੇ ਪ੍ਰਤੀ ਲੀਟਰ ਦੀ ਦਰ 'ਤੇ ਪਹੁੰਚ ਗਿਆ।


ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਕੀਮਤਾਂ ਮੁਤਾਬਕ ਪੈਟਰੋਲ ਪਠਾਨਕੋਟ 'ਚ ਸਭ ਤੋਂ ਵੱਧ 90 ਰੁਪਏ 12 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁਹਾਲੀ 'ਚ 90 ਰੁਪਏ ਪ੍ਰਤੀ ਲੀਟਰ ਤੇ ਲੁਧਿਆਣੇ 'ਚ 89 ਰੁਪਏ 71 ਪੈਸੇ ਪ੍ਰਤੀ ਲੀਟਰ। ਡੀਜ਼ਲ ਦੀਆਂ ਕੀਮਤਾਂ 'ਚ ਵੀ ਵਾਧਾ ਦਰਜ ਕੀਤਾ ਗਿਆ। ਪੰਜਾਬ 'ਚ ਡੀਜ਼ਲ ਪਠਾਨਕੋਟ 'ਚ 75 ਰੁਪਏ 77 ਪੈਸੇ ਪ੍ਰਤੀ ਲੀਟਰ ਜਦਕਿ ਲੁਧਿਆਣੇ 'ਚ 75 ਰੁਪਏ 39 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।


ਦੂਜੇ ਪਾਸੇ ਮੁੰਬਈ 'ਚ ਤੇਲ ਦੀਆਂ ਕੀਮਤਾਂ ਅਸਮਾਨੀਂ ਪਹੁੰਚੀਆਂ ਹੋਈਆਂ ਹਨ। ਇੱਥੇ ਪੈਟਰੋਲ 91 ਰੁਪਏ 20 ਪੈਸੇ ਤੇ ਡੀਜ਼ਲ 79 ਰੁਪਏ 89 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।


ਪੈਟਰੋਲ-ਡੀਜ਼ਲ ਦੀਆਂ ਹਰ ਰੋਜ਼ ਵਧ ਰਹੀਆਂ ਕੀਮਤਾਂ ਤੋਂ ਫਿਲਹਾਲ ਰਾਹਤ ਦੀ ਕੋਈ ਉਮੀਦ ਨਹੀਂ ਹੈ। ਕੱਲ੍ਹ ਪੈਟਰੋਲੀਅਮ ਮੰਤਰੀ ਨੂੰ ਤੇਲ ਦੀਆਂ ਵਧ ਰਹੀਆਂ ਕੀਮਤਾਂ 'ਤੇ ਜਦੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਜਵਾਬ ਦੇਣ ਦੀ ਬਜਾਇ ਚੁੱਪ ਵੱਟ ਰੱਖੀ।