ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲ 'ਤੇ ਇਲਜ਼ਾਮ ਲਾਉਣ ਵਾਲੀ ਮੋਗਾ ਦੀ ਕੁੜੀ ਖਿਲਾਫ ਹੀ ਕੇਸ ਦਰਜ ਹੋ ਗਿਆ ਹੈ। ਉਸ ਖਿਲਾਫ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਦੇ ਯੂਕੇ ਰਹਿੰਦੇ 24 ਸਾਲਾ ਸੁਰਿੰਦਰਪਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ।


ਸੁਰਿੰਦਰਪਾਲ ਨੇ ਇਲਜ਼ਾਮ ਲਾਇਆ ਹੈ ਕਿ ਉਹ 20 ਫ਼ਰਵਰੀ ਨੂੰ ਭਾਰਤ ਆਇਆ। ਇਸ ਦੌਰਾਨ ਵ੍ਹਟਸਐੱਪ ਕਾਲ ਆਈ, ਜੋ ਉਸ ਨੇ ਅਟੈਂਡ ਨਹੀਂ ਕੀਤੀ। ਇਸ ਮਗਰੋਂ ਮੈਸੇਜ ਆਇਆ। ਸੰਪਰਕ ਕਰਨ ਉੱਤੇ ਲੜਕੀ ਨੇ ਦੱਸਿਆ ਕਿ ਉਸ ਵਾਂਗ ਉਹ ਵੀ ਸਿੱਧੂ ਮੂਸੇਵਾਲਾ ਦੀ ਪ੍ਰਸ਼ੰਸਕ ਹੈ ਤੇ ਉਸ ਨੂੰ ਮਿਲਣਾ ਚਾਹੁੰਦੀ ਹੈ।

ਇਸ ਮਗਰੋਂ ਉਸ ਨੂੰ ਮੂਸੇਵਾਲਾ ਦੇ ਚਾਚਾ ਰਾਜਿੰਦਰ ਸਿੰਘ ਤੋਂ ਪਤਾ ਲੱਗਾ ਕਿ ਕਮਲਦੀਪ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਥਾਣਾ ਐਨਆਰਆਈ ਮੋਗਾ ਵਿੱਚ ਸ਼ਿਕਾਇਤ ਦਿੱਤੀ ਹੋਈ ਹੈ। ਇਸ ’ਤੇ ਉਸ ਨੇ ਕਮਲਦੀਪ ਨੂੰ ਸਿੱਧੂ ਮੂਸੇਵਾਲਾ ਨਾਲ ਮਿਲਾਉਣ ਤੋਂ ਨਾਂਹ ਕਰ ਦਿੱਤੀ।

ਸੁਰਿੰਦਰਪਾਲ ਸਿੰਘ ਨੇ ਇਲਜ਼ਾਮ ਲਾਇਆ ਕਿ ਇਸ ਮਗਰੋਂ ਕਮਲਦੀਪ ਨੇ 50 ਲੱਖ ਰੁਪਏ ਦੀ ਮੰਗ ਕਰਦਿਆਂ ਉਸ ਨੂੰ ਬਲੈਕਮੇਲ ਕੀਤਾ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਆਪਣੇ ਨਜ਼ਦੀਕੀ ਦੋਸਤ ਹਰਜਿੰਦਰ ਸਿੰਘ ਪਿੰਡ ਦਾਤਾ (ਮੋਗਾ) ਨਾਲ ਮੁਕਤਸਰ ਸਾਹਿਬ ਗੁਰਦੁਆਰੇ ਆਏ ਸੁਰਿੰਦਰਪਾਲ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਮੁਕਤਸਰ ਪੁਲਿਸ ਨੇ ਪਰਵਾਸੀ ਪੰਜਾਬਣ ਖ਼ਿਲਾਫ਼ ਕੇਸ ਦਰਜ ਕੀਤਾ ਹੈ।