ਚੰਡੀਗੜ੍ਹ: ਆਮਦਨ ਕਰ ਵਿਭਾਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਬਿਨਾਂ ਆਮਦਨ ਕਰ ਭੁਗਤਾਨ ਵਾਲੀਆਂ ਵਿਦੇਸ਼ੀ ਸੰਪਤੀਆਂ ਦੇ ਮਾਮਲੇ ’ਚ ਜਾਂਚ ਨੂੰ ਲੈ ਕੇ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਸੂਤਰਾਂ ਮੁਤਾਬਕ ਵਿਭਾਗ ਨੇ ਲੁਧਿਆਣਾ ਦੀ ਇਕ ਅਦਾਲਤ ’ਚ ਕੈਪਟਨ ਨੂੰ ਆਮਦਨ ਕਰ ਐਕਟ ਦੀ ਧਾਰਾ 277 ਅਤੇ ਆਈਪੀਸੀ ਦੀਆਂ ਧਾਰਾਵਾਂ 176, 177 ਤੇ 193 ਤਹਿਤ ਕੇਸ ਕੇਸ ਦਾਇਰ ਕੀਤਾ ਹੈ।
ਇਸ ਸ਼ਿਕਾਇਤ ਚ ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਜਾਂਚ ਦੌਰਾਨ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੇ ਲੜਕੇ ਵੱਲੋਂ ਵਿਦੇਸ਼ ’ਚ ਟਰੱਸਟ ਅਤੇ ਹੋਰ ਸੰਪਤੀਆਂ ’ਚ ਲਾਭਪਾਤਰੀ ਪਾਇਆ ਗਿਆ ਹੈ ਅਤੇ ਜਦੋਂ ਉਨ੍ਹਾਂ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸੰਪਤੀਆਂ ਦੀ ਮਾਲਕੀ ਬਾਰੇ ਗ਼ਲਤ ਬਿਆਨ ਦਿੱਤੇ।
ਇਸ ਕਾਰਵਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਵਿੱਤ ਮੰਤਰੀ ਅਰੁਣ ਜੇਤਲੀ ’ਤੇ ਉਨ੍ਹਾਂ ਨੂੰ ਫਸਾਉਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇਤਲੀ ਨੂੰ ਅੰਮ੍ਰਿਤਸਰ ਤੋਂ ਜ਼ਿਮਨੀ ਚੋਣ ਲੜਨ ਦੀ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਜਵਾਬ ’ਚ ਉਨ੍ਹਾਂ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਆਮਦਨ ਕਰ ਵਿਭਾਗ ’ਤੇ ਵੀ ਦੋਸ਼ ਲਾਇਆ ਕਿ ਉਹ ਚੋਣਾਂ ਦੀ ਉਡੀਕ ਕਿਉਂ ਕਰ ਰਿਹਾ ਸੀ ਜਦਕਿ ਦੋ ਸਾਲ ਪਹਿਲਾਂ ਵੀ ਇਹ ਮਾਮਲਾ ਖੋਲ੍ਹਿਆ ਜਾ ਸਕਦਾ ਸੀ।