ਤਰਨ ਤਾਰਨ: ਨੋਟਬੰਦੀ ਨੇ ਇੱਕ ਹੋਰ ਜਾਨ ਲੈ ਲਈ ਹੈ। ਖਬਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਵੇਲੀਆਂ ਰੱਤੋਕੇ ਤੋਂ ਹੈ। ਜਿੱਥੇ ਧੀ ਦੇ ਵਿਆਹ ਲਈ ਲੋੜੀਂਦੇ ਪੈਸੇ ਬੈਂਕਾਂ ਤੋਂ ਨਾ ਮਿਲਣ ਕਾਰਨ ਪ੍ਰੇਸ਼ਾਨ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਧੀ ਦਾ ਵਿਆਹ 10 ਦਸੰਬਰ ਨੂੰ ਹੋਣਾ ਸੀ।
ਜਾਣਕਾਰੀ ਮੁਤਾਬਕ 50 ਸਾਲਾ ਗੁਰਨਾਮ ਸਿੰਘ ਧੀ ਪ੍ਰਦੀਪ ਕੌਰ ਦਾ 10 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ। ਇਸ ਕਰਕੇ ਉਸ ਉੱਤੇ ਵਿਆਹ ਲਈ ਲੋੜੀਂਦੀ ਰਕਮ ਇਕੱਠੀ ਕਰਨ ਨੂੰ ਲੈ ਕੇ ਪ੍ਰੇਸ਼ਾਨ ਸੀ। ਪਰਿਵਾਰ ਮੁਤਾਬਕ ਘਰ ਵਿੱਚ ਲੋੜੀਂਦੀ ਰਕਮ ਨਾ ਹੋਣ ਕਰਕੇ ਗੁਰਨਾਮ ਸਿੰਘ ਹਰ ਰੋਜ਼ ਨੇੜੇ ਦੇ ਕਸਬਾ ਖੇਮਕਰਨ ਦੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਤੋਂ ਪੈਸੇ ਕਢਵਾਉਣ ਲਈ ਜਾਂਦਾ ਸੀ। ਇਸ ਤਰਾਂ ਲਗਾਤਾਰ ਚੱਕਰ ਕੱਢ ਕੱਢ ਕੇ ਇਕੱਠੀ ਕੀਤੀ ਰਕਮ ਵਿਆਹ ਲਈ ਨਾਕਾਫੀ ਸੀ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਦਿਨ ਤੋਂ ਲਗਾਤਾਰ ਬੈਂਕ ਜਾਣ ਤੇ ਵੀ ਉਹ ਖਾਲੀ ਹੱਥ ਪਰਤ ਰਿਹਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਹੀ ਗੁਰਨਾਮ ਨੂੰ ਦਿਲ ਦਾ ਦੌਰਾ ਪੈ ਗਿਆ, ਤੇ ਉਸ ਨੇ ਦਮ ਤੋੜ ਦਿੱਤਾ।