ਹੁਣ ਰੱਬ ਦੇ ਘਰਾਂ 'ਤੇ ਰਹੇਗੀ ਕੈਮਰੇ ਦੀ ਨਜ਼ਰ
ਏਬੀਪੀ ਸਾਂਝਾ | 02 Sep 2018 12:42 PM (IST)
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ’ਤੇ ਠੱਲ ਪਾਉਣ ਲਈ ਸੂਬੇ ਦੇ ਸਾਰੇ ਧਾਰਮਿਕ ਸਥਾਨਾਂ ਦੇ ਆਸਪਾਸ ਤੇ ਹੋਰ ਮਹੱਤਵਪੂਰਨ ਥਾਈਂ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ ਨਿਰਦੇਸ਼ ਦਿੱਤੇ ਹਨ। ਪਿਛਲੇ ਸਮੇਂ ਦੌਰਾਨ ਸੂਬੇ ਅੰਦਰ ਕਈ ਥਾਈਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜਿਸ ਪਿੱਛੋਂ ਸੂਬੇ ਅੰਦਰ ਮਾਹੌਲ਼ ਵਿਗੜ ਗਿਆ। ਇਸੇ ਨੂੰ ਵੇਖਦਿਆਂ ਮੌਜੂਦਾ ਕੈਪਟਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੀ ਇਸ ਪਹਿਲ ਨਾਲ ਬੇਅਦਬੀ ਦੀਆਂ ਘਟਨਾਵਾਂ ’ਤੇ ਨੱਥ ਪਾਈ ਜਾ ਸਕਦੀ ਹੈ। ਸਰਕਾਰ ਨੇ ਗਰਾਮ ਪੰਚਾਇਤਾਂ, ਨਗਰ ਨਿਗਮਾਂ ਤੇ ਕੌਂਸਲਾਂ ਨੂੰ ਸਾਰੇ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ, ਚਰਚਾਂ ਤੇ ਹੋਰ ਪ੍ਰਮੁੱਖ ਸਥਾਨਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਗਰਾਮ ਪੰਚਾਇਤਾਂ ਤੇ ਨਗਰ ਨਿਗਮਾਂ ਨੂੰ ਇਸਦਾ ਖ਼ਰਚ ਆਪਣੇ ਪੱਲਿਓਂ ਕੱਢਣਾ ਪਏਗਾ।