ਚੰਡੀਗੜ੍ਹ: ਬੀਜੇਪੀ ਤੇ ਅਕਾਲੀ ਦਲ ਦੀ ਯਾਰੀ ਟੁੱਟਣ ਮਗਰੋਂ ਕੇਂਦਰੀ ਏਜੰਸੀਆਂ ਨੇ ਅਕਾਲੀ ਲੀਡਰਾਂ ਉੱਪਰ ਸ਼ਿਕੰਜਾ ਕੱਸ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਮਨਪ੍ਰੀਤ ਸਿੰਘ ਇਆਲੀ ਤੋਂ ਬਾਅਦ ਹੁਣ ਉਨ੍ਹਾਂ ਦੇ ਇੱਕ ਹੋਰ ਟਰਾਂਸਪੋਰਟਰ ਤੇ ਕੇਬਲ ਕਾਰੋਬਾਰੀ ਗੁਰਦੀਪ ਸਿੰਘ ਜੁਝਾਰ ਦੇ ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇ ਮਾਰੇ ਹਨ। ਇਸ ਮਗਰੋਂ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਕੇਂਦਰੀ ਏਜੰਸੀਆਂ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀਆਂ ਹਨ।


ਦੂਜੇ ਪਾਸੇ ਫਾਸਟਵੇਅ ਕੇਬਲ ਨੈੱਟਵਰਕ ’ਤੇ ਈਡੀ ਦੇ ਛਾਪਿਆਂ ਤੋਂ ਬਾਅਦ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤੇ। ਕਾਂਗਰਸੀ ਪ੍ਰਧਾਨ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਤੱਕ ਫਾਸਟਵੇਅ ’ਤੇ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਸਤੀ ਕੇਬਲ ਨਹੀਂ ਦਿੱਤੀ ਜਾ ਸਕਦੀ। ਬਾਦਲ ਸਰਕਾਰ ਨੇ ਫਾਸਟਵੇਅ ਨੂੰ ਪੰਜਾਬ ਦਾ ਕਬਜ਼ਾ ਦਿੱਤਾ ਸੀ। ਇਸ ਕਬਜ਼ੇ ਨੂੰ ਤੋੜਨ ਲਈ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਇੱਕ ਯੋਜਨਾ ਤਿਆਰ ਕਰਕੇ ਦਿੱਤੀ ਸੀ, ਪਰ ਉਸ ’ਤੇ ਕਾਰਵਾਈ ਨਹੀਂ ਹੋਈ। ਜੇਕਰ ਇਸ ਯੋਜਨਾ ਨੂੰ ਸਰਕਾਰ ਲਾਗੂ ਕਰਦੀ ਤਾਂ ਇੱਕ ਹਜ਼ਾਰ ਕਰੋੜ ਰੁਪਏ ਰਿਕਵਰੀ ਫਾਸਟਵੇਅ ਤੋਂ ਹੋਣੀ ਸੀ।



ਦੱਸ ਦਈਏ ਕਿ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਟਰਾਂਸਪੋਰਟਰ ਤੇ ਕੇਬਲ ਕਾਰੋਬਾਰੀ ਗੁਰਦੀਪ ਸਿੰਘ ਜੁਝਾਰ ਦੇ ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇ ਮਾਰੇ। ਪੰਜਾਬ ਭਰ ’ਚ ਈਡੀ ਨੇ 8 ਥਾਵਾਂ ’ਤੇ ਛਾਪੇ ਮਾਰੇ ਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਬੀਤੇ ਇੱਕ ਹਫ਼ਤੇ ਦੌਰਾਨ ਸੁਖਬੀਰ ਬਾਦਲ ਦੇ ਕਰੀਬੀ ਮਨਪ੍ਰੀਤ ਸਿੰਘ ਇਆਲੀ ਤੋਂ ਬਾਅਦ ਦੂਸਰੇ ਵਿਅਕਤੀ ਦੇ ਖ਼ਿਲਾਫ਼ ਕੇਂਦਰ ਜਾਂਚ ਏਜੰਸੀ ਨੇ ਕਾਰਵਾਈ ਕੀਤੀ ਹੈ।


ਇਸ ਲਈ ਚਰਚਾ ਛਿੜ ਗਈ ਹੈ ਕਿ ਅਕਾਲੀ ਦਲ ਵੱਲੋਂ ਬੀਜੇਪੀ ਨੂੰ ਅੱਖਾਂ ਵਿਖਾਉਣ ਮਗਰੋਂ ਕੇਂਦਰੀ ਏਜੰਸੀਆਂ ਸਰਗਰਮ ਹੋਈਆਂ ਹਨ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿੰਨਾ ਚਿਰ ਅਕਾਲੀ ਦਲ ਕੇਂਦਰ ਸਰਕਾਰ ਦਾ ਭਾਈਵਾਲ ਸੀ, ਓਨਾ ਸਮਾਂ ਸਭ ਕੁਝ ਜਾਣਦੇ ਹੋਏ ਵੀ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਅਕਾਲੀ ਦਲ ਵੱਖ ਹੋਇਆ ਹੈ ਤਾਂ ਕੇਂਦਰੀ ਏਜੰਸੀਆਂ ਨੂੰ ਅਕਾਲੀ ਦਲ ਦੇ ਗਲਤ ਕੰਮ ਨਜ਼ਰ ਆਉਣ ਲੱਗੇ ਹਨ।


ਯਾਦ ਰਹੇ ਕੁਝ ਦਿਨਾਂ ਤੋਂ ਫਾਸਟਵੇਅ ਕੇਬਲ ਖਿਲਾਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਉਹ ਵਾਰ ਵਾਰ ਕੇਬਲ ਮਾਫ਼ੀਆ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਲੁਧਿਆਣਾ ’ਚ ਕੇਬਲ ਚਾਰਜ ਪ੍ਰਤੀ ਮਹੀਨੇ 100 ਰੁਪਏ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਦੇ ਕਿਸੇ ਐਕਸ਼ਨ ਤੋਂ ਪਹਿਲਾਂ ਹੀ ਕੇਂਦਰੀ ਏਜੰਸੀਆਂ ਦੀ ਕਾਰਵਾਈ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ।