ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇੱਕ ਵਾਰ ਮੁੜ ਤੋਂ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਬੀਬੀਐਮਬੀ ਵਿੱਚ ਪੱਕਾ ਚੇਅਰਮੈਨ ਲਗਾਉਣ ਤੋਂ ਕਿਨਾਰਾ ਕਰ ਲਿਆ ਹੈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਨੰਦ ਲਾਲ ਸ਼ਰਮਾ ਨੂੰ ਹੀ ਵਾਧੂ ਚਾਰਜ ਦੇ ਦਿੱਤਾ ਹੈ। ਨੰਦ ਲਾਲ ਸ਼ਰਮਾ ਮੌਜੂਦਾ ਸਮੇਂ ਸਤਲੁਜ ਵਿਧੁਤ ਨਿਗਮ ਲਿਮਟਿਡ ਦੇ ਚੇਅਰਮੈਨ ਹਨ ਜੋ ਪਹਿਲੀ ਜੁਲਾਈ ਤੋਂ ਬੀਬੀਐਮਬੀ ਦਾ ਵਾਧੂ ਚਾਰਜ ਸਾਂਭਣਗੇ।


ਬੀਬੀਐਮਬੀ ਦੇ ਮੌਜੂਦਾ ਚੇਅਰਮੈਨ ਸੰਜੇ ਸ੍ਰੀਵਾਸਤਵਾ 30 ਜੂਨ ਨੁੰ ਸੇਵਾਮੁਕਤ ਹੋ ਰਹੇ ਹਨ। ਜੋ ਪਹਿਲਾਂ ਸੈਂਟਰਲ ਰੈਗੁਲੇਟਰੀ ਅਥਾਰਿਟੀ ਵਿੱਚ ਮੁੱਖ ਇੰਜਨੀਅਰ ਸਨ। ਇਸ ਤੋਂ ਪਹਿਲਾਂ ਕੇਂਦਰੀ ਊਰਜਾ ਮੰਤਰਾਲੇ ਨੇ ਬੀਬੀਐਮਬੀ ਦੇ ਮੈਂਬਰਾਂ (ਪਾਵਰ) ਦਾ ਚਾਰਜ ਵੀ ਅਮਰਜੀਤ ਸਿੰਘ ਜੁਨੇਜਾ ਨੂੰ ਦਿੱਤਾ ਸੀ। 


 ਇਹ ਸਾਰੀ ਕਾਰਵਾਈ ਕੇਂਦਰੀ ਊਰਜਾ ਮੰਤਰਾਲੇ ਵੱਲੋਂ ਕੀਤੀ ਗਈ ਹੈ। ਕੇਂਦਰੀ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਨੰਦ ਲਾਲ ਸ਼ਰਮਾ ਨੂੰ ਹਾਲ ਦੀ ਘੜੀ ਤਿੰਨ ਮਹੀਨਿਆਂ ਲਈ ਹੀ ਬੀਬੀਐਮਬੀ ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਹੈ। ਜੇਕਰ ਤਿੰਨ ਮਹੀਨਿਆਂ ਤੱਕ ਵੀ ਕੋਈ ਸਥਾਈ ਚੇਅਰਮੈਨ ਨਹੀਂ ਮਿਲਿਆ ਤਾਂ ਨੰਦ ਲਾਲ ਸ਼ਰਮਾ ਨੂੰ ਹੀ ਰੈਗੂਲਰ ਚੇਅਰਮੈਨ ਦੀ ਨਿਯੁਕਤੀ ਤੱਕ ਇਸ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਗਿਆ ਹੈ। 


ਜਿਸ ਤੋਂ ਸਾਫ਼ ਹੈ ਕਿ ਹਾਲੇ ਤੱਕ ਕੇਂਦਰ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿੱਚ ਕੋਈ ਪੱਕਾ ਚੇਅਰਮੈਨ ਨਹੀਂ ਨਿਯੁਕਤ ਕਰਨਾ ਚਾਹੁੰਦੀ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਿਲੀ ਜੁਲਾਈ ਤੋਂ ਬੀਬੀਐਮਬੀ ਪੂਰੀ ਤਰ੍ਹਾਂ ਐਡਹਾਕ ਹੱਥਾਂ ਵਿੱਚ ਚਲਾ ਜਾਵੇਗਾ। ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਬੀਬੀਐਮਬੀ ਮੁੱਦੇ 'ਤੇ ਪੰਜਾਬ ਸਰਕਾਰ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਰ ਰਹੀ ਅਤੇ ਕੇਂਦਰ ਸਰਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਕਦਮ ਅੱਗੇ ਵਧਾ ਰਹੀ ਹੈ। ਤੇ ਪੰਜਾਬ ਦੀ ਸਿਆਸਤ ਵਿੱਚੋਂ ਬੀਬੀਐਮਬੀ ਦਾ ਮੁੱਦਾ ਹੀ ਗਾਇਬ ਹੈ। ਵਿਰੋਧੀ ਧਿਰਾਂ ਵੱਲੋਂ ਵੀ ਇਸ ਮਸਲੇ 'ਤੇ ਕੋਈ ਚਰਚਾ ਨਹੀਂ ਕੀਤੀ ਜਾ ਰਹੀ। 


ਕੇਂਦਰੀ ਬਿਜਲੀ ਮੰਤਰਾਲੇ ਨੇ ਚੇਅਰਮੈਨ ਲਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਚਾਹਵਾਨਾਂ ਨੇ 21 ਮਾਰਚ ਤੱਕ ਆਪਣੇ ਵੇਰਵੇ ਭੇਜੇ ਸਨ। ਚੇਅਰਮੈਨ ਦੀ ਨਿਯੁਕਤੀ ਲਈ ਜੋ ਯੋਗਤਾ ਦਾ ਪੈਮਾਨਾ ਰੱਖਿਆ ਗਿਆ ਹੈ ਉਸ ਤੋਂ ਸਾਫ਼ ਹੈ ਕਿ ਪੰਜਾਬ ਦੇ ਹੱਥ ਚੇਅਰਮੈਨੀ ਨਹੀਂ ਲੱਗਣੀ ਵਾਲੀ। 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।