Chabbewal By Election: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਯਾਨੀਕਿ 23 ਨਵੰਬਰ ਐਲਾਨ ਦਿੱਤੇ ਗਏ ਹਨ। ਇਸ ਵਿੱਚ ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਚੱਬੇਵਾਲ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਡਾ.ਇਸ਼ਾਂਕ ਚੱਬੇਵਾਲ ਨੇ ਭਾਰੀ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਗਿਣਤੀ ਦੀ ਸ਼ੁਰੂਆਤ ਤੋਂ ਹੀ ਇਸ਼ਾਂਕ ਅੱਗੇ ਚੱਲ ਰਿਹਾ ਸੀ। ਡਾ.ਇਸ਼ਾਂਕ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ।
ਇਕਤਰਫਾ ਜਿੱਤ ਕੀਤੀ ਹਾਸਿਲ
ਖਾਸ ਗੱਲ ਇਹ ਹੈ ਕਿ ਉਹ ਕਰੀਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਡਾ.ਇਸ਼ਾਂਕ ਨੇ ਇਕਤਰਫਾ ਜਿੱਤ ਹਾਸਲ ਕੀਤੀ ਹੈ। ‘ਆਪ’ ਦੇ ਡਾ.ਇਸ਼ਾਂਕ ਨੂੰ 51753 ਵੋਟਾਂ ਮਿਲੀਆਂ ਹਨ। ਕਾਂਗਰਸੀ ਉਮੀਦਵਾਰ ਰਣਜੀਤ ਨੂੰ 23171 ਅਤੇ ਭਾਜਪਾ ਉਮੀਦਵਾਰ ਸੋਹਨ ਨੂੰ 8667 ਵੋਟਾਂ ਮਿਲੀਆਂ।
ਪੰਜਾਬ ਦੇ ਸਭ ਤੋਂ ਨੌਜਵਾਨ ਵਿਧਾਇਕ
ਚੱਬੇਵਾਲ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਵਿਧਾਇਕ ਡਾ.ਇਸ਼ਾਂਕ ਕੁਮਾਰ ਦੀ ਉਮਰ 31 ਸਾਲ ਹੈ ਅਤੇ ਉਹ ਪੰਜਾਬ ਦੇ ਸਭ ਤੋਂ ਨੌਜਵਾਨ ਵਿਧਾਇਕ ਹੋਣਗੇ। ਇਸ਼ਾਂਕ ਐਮਡੀ ਰੇਡੀਓਲੋਜੀ ਦੇ ਫਾਈਨਲ ਸਮੈਸਟਰ ਦਾ ਵਿਦਿਆਰਥੀ ਹੈ। ਆਪਣੇ ਪਿਤਾ ਐਮਪੀ ਡਾ: ਰਾਜਕੁਮਾਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ, ਉਹ ਸਭ ਤੋਂ ਪਹਿਲਾਂ ਰੇਡੀਓਲੋਜੀ ਨੂੰ ਆਪਣਾ ਕਿੱਤਾ ਬਣਾਉਣ ਵੱਲ ਵਧ ਰਿਹਾ ਸੀ। ਹੁਣ ਰਾਜਨੀਤੀ ਵਿੱਚ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਚੱਬੇਵਾਲ ਵਿਧਾਨ ਸਭਾ ਸੀਟ ਉਨ੍ਹਾਂ ਦੇ ਪਿਤਾ ਨੇ ਅਸਤੀਫਾ ਦੇ ਕੇ ਖਾਲੀ ਕਰ ਦਿੱਤੀ ਸੀ। ਇਸ ਜਿੱਤ ਨਾਲ ਇਸ਼ਾਂਕ ਨੇ ਹਲਕੇ ਵਿੱਚ ਆਪਣੇ ਪਰਿਵਾਰ ਦੀ ਸਿਆਸਤ ਬਰਕਰਾਰ ਰੱਖੀ ਹੈ। ਇਸ਼ਾਂਕ ਪਿਛਲੇ 8-10 ਸਾਲਾਂ ਤੋਂ ਆਪਣੇ ਪਿਤਾ ਦੇ ਨਾਲ-ਨਾਲ ਰਾਜਨੀਤੀ ਵਿੱਚ ਸਰਗਰਮ ਹਨ ਅਤੇ ਆਪਣੇ ਪਿਤਾ ਦੇ ਚੋਣ ਪ੍ਰਚਾਰ ਵਿੱਚ ਲਗਾਤਾਰ ਹਿੱਸਾ ਲੈ ਰਹੇ ਹਨ।
ਡਾ.ਇਸ਼ਾਂਕ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ.ਰਾਜਕੁਮਾਰ ਦੇ ਪੁੱਤਰ ਹਨ। ਆਮ ਆਦਮੀ ਪਾਰਟੀ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਚੱਬੇਵਾਲ ਹਲਕੇ ਤੋਂ ਡਾ.ਇਸ਼ਾਂਕ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਰਾਜਕੁਮਾਰ ਚੱਬੇਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਹਲਕਾ ਚੱਬੇਵਾਲ ਤੋਂ ਕਾਂਗਰਸ ਦੀ ਟਿਕਟ 'ਤੇ ਲੜੀਆਂ ਸਨ ਅਤੇ ਵਿਧਾਇਕ ਬਣੇ ਸਨ।
ਇਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ ਸਨ। ਲੋਕ ਸਭਾ ਚੋਣਾਂ ਵਿੱਚ ਉਹ ਹੁਸ਼ਿਆਰਪੁਰ ਸੀਟ ਤੋਂ ਚੋਣ ਲੜੇ ਅਤੇ ਜਿੱਤ ਕੇ ਸੰਸਦ ਵਿੱਚ ਪਹੁੰਚੇ। ਇਸ ਤੋਂ ਬਾਅਦ 'ਆਪ' ਨੇ ਇਸ ਸੀਟ 'ਤੇ ਰਾਜਕੁਮਾਰ ਚੱਬੇਵਾਲ ਬੇਟੇ ਇਸ਼ਾਂਕ 'ਤੇ ਹੀ ਭਰੋਸਾ ਜਤਾਇਆ ਸੀ ਅਤੇ ਇਸ਼ਾਂਕ ਇਸ ਭਰੋਸਾ 'ਤੇ ਖਰਾ ਉਤਰਿਆ ਹੈ।
ਡਾ: ਇਸ਼ਾਂਕ ਆਪਣੇ ਪਿਤਾ ਵਾਂਗ ਰੇਡੀਓਲੋਜਿਸਟ ਹਨ। 31 ਸਾਲਾ ਡਾਕਟਰ ਇਸ਼ਾਂਕ ਐਨਜੀਓ ਨਿਸ਼ਯਾ ਨਾਲ ਜੁੜ ਕੇ ਵਿਦਿਆਰਥੀ ਦੇ ਨਾਲ-ਨਾਲ ਲੋਕਾਂ ਦੀ ਮਦਦ ਕਰ ਰਿਹਾ ਹੈ। ਇਸ਼ਾਂਕ ਨੂੰ ਆਪਣੇ ਸਿਆਸੀ ਸਫ਼ਰ 'ਚ ਆਪਣੇ ਪਿਤਾ ਨਾਲ ਕੰਮ ਕਰਨ ਦਾ ਤਜਰਬਾ ਹੈ।
ਇਹੀ ਕਾਰਨ ਸੀ ਕਿ ਹਲਕੇ ਦੇ ਲੋਕਾਂ ਨੇ ਜ਼ਿਮਨੀ ਚੋਣ 'ਚ ਇਸ਼ਾਂਕਾ 'ਤੇ ਭਰੋਸਾ ਪ੍ਰਗਟਾਇਆ ਅਤੇ ਉਸ ਨੂੰ ਭਾਰੀ ਬਹੁਮਤ ਨਾਲ ਵਿਧਾਨ ਸਭਾ 'ਚ ਭੇਜਿਆ | 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਇਸ਼ਾਂਕ ਨੇ ਡਾ. ਰਾਜਕੁਮਾਰ ਦੇ ਚੋਣ ਮੁਹਿੰਮ ਇੰਚਾਰਜ ਵਜੋਂ ਕੰਮ ਕੀਤਾ ਅਤੇ ਮੀਡੀਆ ਪ੍ਰਬੰਧਨ ਅਤੇ ਵੱਖ-ਵੱਖ ਮੁਹਿੰਮਾਂ ਵਿੱਚ ਵੀ ਸ਼ਾਮਲ ਸੀ।