ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਮਾਮਲੇ ਵਿੱਚ ਅਦਾਲਤ ਵੱਲੋਂ ਕੱਲ੍ਹ ਸੁਣਵਾਈ ਕੀਤੀ ਜਾਵੇਗੀ। ਅੱਜ ਪੁਲਿਸ ਵੱਲੋਂ ਰਿਕਾਰਡ ਨਾ ਪੇਸ਼ ਕੀਤੇ ਜਾਣ ਕਰਕੇ ਅਦਾਲਤ ਨੇ ਸੁਣਵਾਈ ਕੱਲ੍ਹ ਤੱਕ ਟਾਲ ਦਿੱਤੀ ਹੈ।

ਚਰਨਜੀਤ ਸਿੰਘ ਚੱਢਾ ਖਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਸੀ ਪਰ ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਮਗਰੋਂ ਚੱਢਾ ਨੇ ਅਦਾਲਤ ਕੋਲੋਂ 10 ਜਨਵਰੀ ਤੱਕ ਅਗਾਊਂ ਜ਼ਮਾਨਤ ਲਈ ਲਈ ਸੀ। ਇਸ ਦੀ ਮਿਆਦ ਅੱਜ ਖਤਮ ਹੋ ਚੁੱਕੀ ਹੈ। ਅੱਜ ਸਵੇਰ ਤੋਂ ਹੀ ਇਹ ਕਿਆਸ ਲਾਏ ਜਾ ਰਹੇ ਸਨ ਕਿ ਚੱਢਾ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਉਸ ਨੂੰ ਸਲਾਖਾਂ ਦੇ ਪਿੱਛੇ ਜਾਣਾ ਪਵੇਗਾ।

ਬਾਅਦ ਦੁਪਿਹਰ ਇਹ ਸਾਫ ਹੋਇਆ ਕਿ ਚੱਢਾ ਮਾਮਲੇ ਸਬੰਧੀ ਪੁਲਿਸ ਵੱਲੋਂ ਜ਼ਰੂਰੀ ਰਿਕਾਰਡ ਹਾਲੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਇਸ ਕਰਕੇ ਇਸ ਕੇਸ ਦੀ ਸੁਣਵਾਈ ਹੁਣ ਕੱਲ੍ਹ ਹੋਵੇਗੀ। ਇਸ ਮਾਮਲੇ ਵਿੱਚ ਜੇਕਰ ਅਦਾਲਤ ਵੱਲੋਂ ਚੱਢਾ ਨੂੰ ਜਮਾਨਤ ਨਹੀਂ ਮਿਲਦੀ ਤਾਂ ਲਾਜ਼ਮੀ ਹੈ ਕਿ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉੱਧਰ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਦਰਪ੍ਰੀਤ ਸਿੰਘ ਦੇ ਬੇਟੇ ਪ੍ਰਭਪ੍ਰੀਤ ਸਿੰਘ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਜਾਂਚ ਟੀਮ ਅਗਵਾਈ ਆਈ.ਜੀ. ਕ੍ਰਾਈਮ ਐਲ.ਕੇ. ਯਾਦਵ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਪ੍ਰਭਪ੍ਰੀਤ ਦੇ ਬਿਆਨਾਂ ਤੇ ਚੱਢਾ ਦੇ ਦਫਤਰ ਤੇ ਉਸ ਦੇ ਬੈਗ ਵਿੱਚੋਂ ਮਿਲੇ ਦੋ ਸੁਸਾਈਡ ਨੋਟਾਂ ਦੇ ਅਧਾਰ 'ਤੇ ਹੀ 11 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ 11 ਲੋਕਾਂ ਵਿੱਚ ਉਹ ਔਰਤ ਵੀ ਸ਼ਾਮਲ ਹਨ ਜੋ ਚੱਢਾ ਨਾਲ ਅਸ਼ਲੀਲ ਵੀਡੀਓ ਵਿੱਚ ਦਿਖਾਈ ਦੇ ਰਹੀਆਂ ਹਨ।