ਸਿਆਸੀ ਗਲਬੇ ਹੋਠੋਂ ਨਿਕਲ ਸਕਣਗੇ ਜਥੇਦਾਰ ? ਗਿਆਨੀ ਹਰਪ੍ਰੀਤ ਸਿੰਘ ਲਈ ਵੱਡੀਆਂ ਵੰਗਾਰਾਂ
ਏਬੀਪੀ ਸਾਂਝਾ | 30 Oct 2018 02:13 PM (IST)
ਸੇਵਾ ਸਿੰਘ ਵਿਰਕ ਚੰਡੀਗੜ੍ਹ: ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਨ੍ਹਾਂ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਦਾ ਅਹੁਦਾ ਉਸ ਵੇਲੇ ਸੰਭਾਲਿਆ ਹੈ ਜਦੋਂ ਪੰਥ ਪੂਰੀ ਤਰ੍ਹਾਂ ਵੰਡਿਆ ਹੋਇਆ ਹੈ ਤੇ ਧਾਰਮਿਕ ਮਾਮਲਿਆਂ 'ਤੇ ਸਿਆਸਤ ਦਾ ਬੋਲਬਾਲਾ ਹੈ। ਇਸ ਤੋਂ ਇਲਾਵਾ ਪਿਛਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਕਾਰਕਾਲ ਦੌਰਾਨ ਲਏ ਗਏ ਕਈ ਫੈਸਲਿਆਂ ਕਰਕੇ ਇਸ ਵੱਕਾਰੀ ਅਹੁਦੇ ਦੀ ਸਾਖ ਨੂੰ ਵੀ ਵੱਡੀ ਢਾਅ ਲੱਗੀ ਹੈ। ਅਜਿਹੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਗਲੇ ਦਿਨਾਂ ਵਿੱਚ ਵੱਡੀਆਂ ਚੁਣੌਤੀਆਂ ਦੇ ਰੂ-ਬਰੂ ਹੋਣਾ ਪਏਗਾ। ਗਿਆਨੀ ਹਰਪ੍ਰੀਤ ਸਿੰਘ ਲਈ ਸਭ ਤੋਂ ਵੱਡੀ ਵੰਗਾਰ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਸਰਬ ਪ੍ਰਵਾਨਿਤ ਫੈਸਲੇ ਲੈਣਾ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਇਹ ਸੰਭਵ ਨਹੀਂ ਕਿਉਂਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਹੇਠ ਹੈ ਤੇ ਸ਼੍ਰੋਮਣੀ ਕਮੇਟੀ ਕੋਲ ਹੀ ਜਥੇਦਾਰ ਨੂੰ ਲਾਉਣ ਤੇ ਹਟਾਉਣ ਦੇ ਅਧਿਕਾਰ ਹਨ। ਇਸ ਵੇਲੇ ਬਾਦਲ ਪਰਿਵਾਰ ਹੀ ਬੇਅਦਬੀ ਕਾਂਡ ਸਣੇ ਹੋਰ ਸਿਆਸੀ ਤੇ ਪੰਥਕ ਮੁੱਦਿਆਂ 'ਤੇ ਘਿਰਿਆ ਹੋਇਆ ਹੈ। ਅਜਿਹੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰਪੱਖ ਫੈਸਲੇ ਲੈਣਾ ਸੌਖਾ ਕਾਰਜ ਨਹੀਂ ਕਿਉਂਕਿ ਬਹੁਤੇ ਮੁੱਦੇ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਨਾਲ ਹੀ ਸਬੰਧਤ ਹੋਣਗੇ। ਦੂਜੀ ਚੁਣੌਤੀ ਇਹ ਹੈ ਕਿ ਸਿੱਖ ਪੰਥ ਦਾ ਇੱਕ ਵੱਡਾ ਵਰਗ ਉਨ੍ਹਾਂ ਨੂੰ ਜਥੇਦਾਰ ਵਜੋਂ ਸਵੀਕਾਰ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਜੇਲ੍ਹ ਵਿੱਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਹੋਇਆ ਹੈ। ਇਹ ਤੈਅ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਅਹੁਦਾ ਬਾਦਲ ਪਰਿਵਾਰ ਦੀ ਹਮਾਇਤ ਨਾਲ ਹੀ ਮਿਲਿਆ ਹੈ। ਇਸ ਲਈ ਸਿੱਖਾਂ ਦੇ ਇਹ ਧੜੇ ਉਨ੍ਹਾਂ ਦੇ ਫੈਸਲਿਆਂ ਨੂੰ ਮਾਨਤਾ ਨਹੀਂ ਦੇਣਗੇ। ਸਿੱਖ ਪੰਥ ਅੰਦਰ ਇਹ ਵੀ ਮੰਗ ਹੈ ਕਿ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਆਦਿ ਬਾਰੇ ਸੇਵਾ ਨਿਯਮ ਬਣਾਏ ਜਾਣ ਜਿਸ ਬਾਰੇ ਸ਼੍ਰੋਮਣੀ ਕਮੇਟੀ ਨੇ ਅਜੇ ਤਾਈਂ ਕੋਈ ਕੰਮ ਨਹੀਂ ਕੀਤਾ। ਸਿੱਖ ਮਾਹਿਰਾਂ ਦੀ ਮੰਨੀਏ ਤਾਂ ਜਥੇਦਾਰ ਦੇ ਅਹੁਦੇ ਦੀ ਡਿੱਗੀ ਸਾਖ਼ ਨੂੰ ਮੁੜ ਸੁਰਜੀਤ ਕਰਨਾ ਗਿਆਨੀ ਹਰਪ੍ਰੀਤ ਸਿੰਘ ਲਈ ਮੁੱਖ ਚੁਣੌਤੀ ਸਾਬਤ ਹੋਵੇਗੀ। ਪਿਛਲੇ ਦਹਾਕੇ ਦੌਰਾਨ ਅਕਾਲ ਤਖ਼ਤ ਤੋਂ ਕੁਝ ਮੁੱਦਿਆਂ ਬਾਰੇ ਆਏ ਫ਼ੈਸਲੇ ਸਰਵ ਪ੍ਰਵਾਨਿਤ ਸਾਬਤ ਨਹੀਂ ਹੋਏ। ਇਨ੍ਹਾਂ ਫ਼ੈਸਲਿਆਂ ’ਤੇ ਇਤਰਾਜ਼ ਹੋਣਾ ਵੀ ਜਥੇਦਾਰ ਦੇ ਅਹੁਦੇ ਦੀ ਸਾਖ਼ ਨੂੰ ਕਾਫ਼ੀ ਢਾਹ ਲਾ ਗਿਆ ਹੈ। ਅਜਿਹੇ ਫ਼ੈਸਲਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਕੇ ਮੁੜ ਬਿਕਰਮੀ ਕੈਲੰਡਰ ਬਣਾਉਣ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣਾ ਤੇ ਸਿਆਸੀ ਲਾਹੇ ਲਈ ਵਿਰੋਧੀਆਂ ਖਿਲਾਫ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਕਰਨਾ ਸ਼ਮਾਲ ਹਨ। ਇਸ ਬਾਰੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ’ਤੇ ਸੇਵਾ ਨਿਭਾਉਣ ਵਾਲੇ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਸਿੱਖ ਕੌਮ ਦੇ ਸੇਵਾਦਾਰ ਹਨ, ਨਾ ਕਿ ਕਿਸੇ ਧੜੇ ਜਾਂ ਜਥੇਬੰਦੀ ਦੇ। ਉਨ੍ਹਾਂ ਨੂੰ ਨਿਰਪੱਖ ਹੋ ਕੇ ਸਿੱਖ ਸੰਗਤ ਦੇ ਹਿੱਤਾਂ ਵਾਸਤੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਦਖ਼ਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ।