ਪੈਲੇਸ 'ਚ ਪੈ ਰਹੇ ਸੀ ਵਿਆਹ ਦੇ ਭੰਗੜੇ, ਪਹਿਲੀ ਪਤਨੀ ਨੇ ਆ ਕੇ ਉਡਾਏ ਸਭ ਦੇ ਹੋਸ਼
ਏਬੀਪੀ ਸਾਂਝਾ | 30 Oct 2018 11:41 AM (IST)
ਅੰਮ੍ਰਿਤਸਰ: ਸ਼ਹਿਰ ਦੇ ਕੁਮਾਰ ਇੰਟਰਨੈਸ਼ਨਲ ਪੈਲੇਸ ਵਿੱਚ ਚੱਲ ਰਹੇ ਵਿਆਹ ਸਮਾਗਮ ਵਿੱਚ ਇੱਕ ਮਹਿਲਾ ਨੇ ਖੂਬ ਹੰਗਾਮਾ ਕੀਤਾ। ਦਰਅਸਲ ਲਾੜੇ ਦੀ ਮੌਜੂਦਾ ਪਤਨੀ ਪੁਲਿਸ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚ ਗਈ। ਉਸ ਨੇ ਵਿਆਹ ਰੁਕਵਾ ਕੇ ਲਾੜੇ ਨੂੰ ਪੁਲਿਸ ਦੇ ਹਵਾਲੇ ਕਰਾ ਦਿੱਤਾ। ਲਾੜੇ ਦੀ ਪਹਿਲੀ ਪਤਨੀ ਰੀਨਾ ਮੁਤਾਬਕ ਉਸ ਦੇ ਪਤੀ ਨੇ ਕਿਹਾ ਸੀ ਕਿ ਉਹ ਆਪਣੇ ਪੇਕੇ ਚਲੀ ਜਾਏ, ਕਿਉਂਕਿ ਉਸ ਨੂੰ ਕੁਝ ਕੰਮ ਹੈ। ਉਹ ਬਾਹਰ ਜਾ ਰਿਹਾ ਹੈ ਤੇ ਚਾਰ ਦਿਨਾਂ ਬਾਅਦ ਵਾਪਸ ਆਏਗਾ। ਇਸ ਪਿੱਛੋਂ ਰੀਨਾ ਨੂੰ ਇੱਕ ਫੋਨ ਆਇਆ। ਕਾਲਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਦੂਜਾ ਵਿਆਹ ਕਰਵਾ ਰਿਹਾ ਹੈ। ਇਹ ਸਭ ਜਾਣ ਕੇ ਰੀਨਾ ਨੇ ਫੁਰਤੀ ਨਾਲ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਸਮੇਤ ਵਿਆਹ ਵਾਲੀ ਥਾਂ ਪਹੁੰਚ ਗਈ। ਆਪਣੇ ਪਤੀ ਦਾ ਦੂਜਾ ਵਿਆਹ ਰੁਕਵਾ ਕੇ ਉਸ ਨੇ ਲਾੜੇ ਨੂੰ ਪੁਲਿਸ ਹਵਾਲੇ ਕਰ ਦਿੱਤਾ। ਰੀਨਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 9 ਸਾਲ ਬੀਤ ਗਏ ਹਨ ਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਪੁਲਿਸ ਮੁਤਾਬਕ ਵਿੱਕੀ ਨਾਂ ਦਾ ਵਿਅਕਤੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ। ਫਿਰ ਵੀ ਉਹ ਦੂਜਾ ਵਿਆਹ ਕਰਵਾ ਰਿਹਾ ਸੀ। ਪੁਲਿਸ ਨੇ ਲਾੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।