ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਰਿਸ਼ਤੇਦਾਰ ਅਕਾਂਕਸ਼ ਸੇਨ ਕਤਲ ਕੇਸ ਦੇ ਦੋਸ਼ੀ ਹਰਮਹਿਤਾਬ ਸਿੰਘ ਰਾੜੇਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਉਸ ਨੂੰ ਤਿੰਨ ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਹੈ। ਯਾਦ ਰਹੇ ਵਧੀਕ ਸੈਸ਼ਨ ਜੱਜ ਰਾਜੀਵ ਗੋਇਲ ਦੀ ਅਦਾਲਤ ਨੇ ਸਜ਼ਾ ਸੁਣਾਉਣ ਲਈ 20 ਨਵੰਬਰ ਦਾ ਦਿਨ ਤੈਅ ਕੀਤਾ ਸੀ। ਹਾਲਾਂਕਿ ਅਦਾਲਤ ਨੇ 17 ਨਵੰਬਰ ਨੂੰ ਅਕਾਂਕਸ਼ ਕਤਲ ਮਾਮਲੇ ਵਿੱਚ ਹਰਮਹਿਤਾਬ ਸਿੰਘ ਰਾੜੇਵਾਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ।


ਇਹ ਮਾਮਲਾ ਸੈਕਟਰ-3 ਦੀ ਪੁਲਿਸ ਵੱਲੋਂ ਫਰਵਰੀ 2017 ’ਚ ਹਰਮਹਿਤਾਬ ਸਿੰਘ ਤੇ ਬਲਰਾਜ ਸਿੰਘ ਰੰਧਾਵਾ ਖ਼ਿਲਾਫ਼ ਦਰਜ ਕੀਤਾ ਗਿਆ ਸੀ। 9 ਫਰਵਰੀ, 2017 ਦੀ ਰਾਤ ਨੂੰ ਸੈਕਟਰ-9 ’ਚ ਰਹਿਣ ਵਾਲੇ ਅਕਾਂਕਸ਼ ਸੈਨ ਦੇ ਦੋਸਤ ਦੀਪ ਸਿੱਧੂ ਵੱਲੋਂ ਘਰ ’ਚ ਪਾਰਟੀ ਰੱਖੀ ਗਈ ਸੀ। ਇੱਥੇ ਬਲਰਾਜ ਸਿੰਘ ਰੰਧਾਵਾ ਤੇ ਹਰਮਹਿਤਾਬ ਨੂੰ ਵੀ ਸੱਦਿਆ ਹੋਇਆ ਸੀ। ਪਾਰਟੀ ਦੌਰਾਨ ਨੌਜਵਾਨਾਂ ’ਚ ਝਗੜਾ ਹੋ ਗਿਆ ਸੀ। ਇਸ ਝਗੜੇ ਦੌਰਾਨ ਜ਼ਖ਼ਮੀ ਹੋਏ ਅਕਾਂਕਸ਼ ਸੇਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਇਸ ਮਾਮਲੇ ਸਬੰਧੀ ਥਾਣਾ-3 ਦੀ ਪੁਲਿਸ ਨੇ ਫਰਵਰੀ 2017 ’ਚ ਹਰਮਹਿਤਾਬ ਤੇ ਬਲਰਾਜ ਰੰਧਾਵਾ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਸੀ। ਪੁਲਿਸ ਨੇ ਕਤਲ ਕੇਸ ਸਬੰਧੀ ਹਰਮਹਿਤਾਬ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕਰ ਦਿੱਤਾ ਸੀ ਜਦੋਂਕਿ ਬਲਰਾਜ ਰੰਧਾਵਾ ਢਾਈ ਸਾਲ ਬਾਅਦ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।