ਪੁੱਤ ਨੂੰ ਮਿਲਣ ਗਏ ਪੰਜਾਬੀ ਦੀ ਆਸਟ੍ਰੇਲੀਆ 'ਚ ਮੌਤ
ਏਬੀਪੀ ਸਾਂਝਾ | 19 Sep 2017 12:34 PM (IST)
ਚੰਡੀਗੜ੍ਹ: ਚੰਡੀਗੜ੍ਹ ਦੇ ਰਹਿਣ ਵਾਲੇ 66 ਸਾਲਾ ਵਿਅਕਤੀ ਦੀ ਆਸਟ੍ਰੇਲੀਆ 'ਚ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਚੰਡੀਗੜ੍ਹ ਦੇ ਸੈਕਟਰ 49 ਦੇ ਰਹਿਣ ਵਾਲੇ ਗੁਰਜੀਤ ਸਿੰਘ ਦਾ ਬੇਟਾ ਆਸਟ੍ਰੇਲੀਆ 'ਚ ਰਹਿੰਦਾ ਹੈ। ਗੁਰਜੀਤ ਹਰ ਸਾਲ ਉਸ ਨੂੰ ਮਿਲਣ ਆਸਟ੍ਰੇਲੀਆ ਜਾਂਦੇ ਸਨ। ਸੋਮਵਾਰ ਦੁਪਹਿਰ ਗੁਰਜੀਤ ਆਪਣੇ ਵੱਡੇ ਭਰਾ ਦਲਜੀਤ ਸਿੰਘ (69) ਤੇ ਭਤੀਜੇ ਗੁਨੀਤ ਸਿੰਘ (22) ਨਾਲ ਟੋਇਟਾ ਕੈਮਰੀ 'ਤੇ ਜਾ ਰਹੇ ਸਨ। ਸਾਊਥ ਪਰਥ ਇਲਾਕੇ 'ਚ ਉਨ੍ਹਾਂ ਦੀ ਕਾਰ ਦੋ ਟਰੱਕਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਭਿਆਨਕ ਸੜਕ ਹਾਦਸੇ 'ਚ ਗੁਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਨੀਤ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਦਲਜੀਤ ਦੀ ਹਾਲਤ ਠੀਕ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਗੁਨੀਤ ਦੀ ਸਰਜਰੀ ਉੱਥੇ ਦੇ ਹੀ ਰੌਇਲ ਪਰਥ ਹਸਪਤਾਲ 'ਚ ਹੋਵੇਗੀ। ਗੁਰਜੀਤ ਦੇ ਬੇਟੇ ਹਰਪ੍ਰੀਤ ਸਿੰਘ ਨੇ ਫਿਲਹਾਲ ਇਹ ਫੈਸਲਾ ਨਹੀਂ ਕੀਤਾ ਕਿ ਉਹ ਆਪਣੇ ਪਿਉ ਦੀ ਲਾਸ਼ ਨੂੰ ਚੰਡੀਗੜ੍ਹ ਲੈ ਕੇ ਆਉਣਗੇ ਜਾਂ ਉੱਥੇ ਹੀ ਅੰਤਿਮ ਸੰਸਕਾਰ ਕੀਤਾ ਜਾਵੇ।