ਚੰਡੀਗੜ੍ਹ: ਪੰਜਾਬ ਕਾਂਗਰਸ ਆਗੂ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਚੰਡੀਗੜ੍ਹ ਅਦਾਲਤ ਵੱਲੋਂ ਉਹਨਾਂ ਵਿਰੁੱਧ ਦਾਇਰ ਮਾਣਹਾਨੀ ਦਾ ਕੇਸ ਖਾਰਜ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ । 


ਦਸ ਦਈਏ ਕਿ ਸਿੱਧੂ ਵੱਲੋਂ ਪੁਲਿਸ ਮੁਲਾਜ਼ਮਾਂ ਲਈ ਪੇਂਟ ਗਿੱਲੇ ਹੋਣ ਦੇ ਬਿਆਨ ਖ਼ਿਲਾਫ਼ ਇਹ ਨੋਟਿਸ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਡੀਐਸਪੀ ਨੇ ਵੀਡੀਓ ਜਾਰੀ ਕਰਕੇ ਸਿੱਧੂ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੱਤਾ ਸੀ। ਚੰਦੇਲ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਦੇ ਨਾਲ ਨਹੀਂ ਤਾਂ ਰਿਕਸ਼ਾ ਵਾਲਾ ਵੀ ਸਿੱਧੂ ਦੀ ਗੱਲ ਨਹੀਂ ਸੁਣੇਗਾ।


ਡੀਐਸਪੀ ਨੇ ਦੱਸਿਆ ਸੀ ਕਿ 27 ਦਸੰਬਰ, 2021 ਨੂੰ ਉਹਨਾਂ ਵੱਲੋਂ ਸਿੱਧੂ ਨੂੰ ਆਪਣੀ ਟਿੱਪਣੀ ਲਈ ਜਨਤਕ ਮੁਆਫੀ ਮੰਗਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਸਿੱਧੂ ਨੇ ਆਪਣੀਆਂ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫੀ ਨਹੀਂ ਮੰਗੀ।


ਚੰਦੇਲ ਨੇ ਕਿਹਾ ਕਿ ਪੁਲਿਸ ਬਲ 'ਤੇ ਕਥਿਤ ਟਿੱਪਣੀਆਂ ਨਾ ਸਿਰਫ਼ ਮੀਟਿੰਗ ਵਿਚ ਮੌਜੂਦ ਲੋਕਾਂ ਨੇ ਸੁਣੀਆਂ, ਸਗੋਂ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਜੰਗਲ ਦੀ ਅੱਗ ਵਾਂਗ ਫੈਲ ਗਈਆਂ। ਡੀਐਸਪੀ ਨੇ ਦਾਅਵਾ ਕੀਤਾ ਕਿ "ਅਪਮਾਨਜਨਕ ਸ਼ਬਦਾਂ" ਨੇ ਪੁਲਿਸ ਫੋਰਸ ਦੇ ਮਨੋਬਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।


 


ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਹ ਰੈਲੀ ਉਥੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੇ ਸਮਰਥਨ ਵਿੱਚ ਕੀਤੀ ਗਈ। ਜਿੱਥੇ ਸਿੱਧੂ ਨੇ ਕਿਹਾ ਕਿ ਜੇਕਰ ਚੀਮਾ ਇੱਕ ਖੰਗੂਰਾ ਮਾਰਿਆ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਵੇਗੀ। ਚੰਦੇਲ ਨੇ ਦੱਸਿਆ ਕਿ ਜਦੋਂ ਇਹ ਗੱਲ ਕਹੀ ਗਈ ਤਾਂ ਸੁਰੱਖਿਆ ਲਈ ਬਹੁਤ ਸਾਰੇ ਪੁਲਿਸ ਮੁਲਾਜ਼ਮ ਮੌਜੂਦ ਸਨ। ਇਨ੍ਹਾਂ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਵੀ ਸਨ। ਸਿੱਧੂ ਦੀਆਂ ਗੱਲਾਂ 'ਤੇ ਭੀੜ ਹੱਸ ਪਈ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਮੁਆਫੀ ਮੰਗਣ ਲਈ ਕਿਹਾ।