ਮੋਹਾਲੀ : ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਪੜ੍ਹਦੀਆਂ 60 ਤੋਂ ਵੱਧ ਵਿਦਿਆਰਥਣਾਂ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਵਿਦਿਆਰਥੀਆਂ ਦਾ ਧਰਨਾ ਰਾਤ 1.30 ਵਜੇ ਸਮਾਪਤ ਹੋ ਗਿਆ ਹੈ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਅਤੇ ਮੋਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹੁਣ ਯੂਨੀਵਰਸਿਟੀ ਵਿੱਚ 24 ਸਤੰਬਰ ਤੱਕ ਨਾਨ-ਟੀਚਿੰਗ ਡੇ ਘੋਸ਼ਿਤ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਲੜਕੀਆਂ ਨੇ ਹੋਸਟਲ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੇ ਮਾਪੇ ਆਪਣੀਆਂ ਧੀਆਂ ਨੂੰ ਲੈਣ ਲਈ ਸਵੇਰੇ ਹੀ ਪਹੁੰਚ ਗਏ।
ਹਿਮਾਚਲ ਪੁਲਿਸ ਨੇ ਦੇਰ ਰਾਤ ਇਸ ਮਾਮਲੇ ਵਿੱਚ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਚ ਜਿਸ ਨੌਜਵਾਨ ਦੀ ਤਸਵੀਰ ਲੜਕੀ ਨੇ ਦਿਖਾਈ ਸੀ, ਉਹ ਸ਼ਿਮਲਾ ਦੇ ਧਾਲੀ ਤੋਂ ਫੜਿਆ ਗਿਆ। ਉਸਦਾ ਨਾਮ ਰੰਕਜ ਵਰਮਾ ਹੈ। ਜਦਕਿ ਦੂਜੇ ਦੋਸ਼ੀ ਸੰਨੀ ਮਹਿਤਾ ਨੂੰ ਰੋਹੜੂ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਗ੍ਰਿਫਤਾਰ ਕੀਤਾ ਸੀ। ਲੜਕੀ ਵੀ ਸ਼ਿਮਲਾ ਦੇ ਰੋਹੜੂ ਦੀ ਰਹਿਣ ਵਾਲੀ ਹੈ। ਉਹ ਲੜਕਿਆਂ ਨੂੰ ਲੰਬੇ ਸਮੇਂ ਤੋਂ ਜਾਣਦੀ ਹੈ।
ਦੇਰ ਸ਼ਾਮ ਦੋਵਾਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੰਨੀ (23 ਸਾਲ) ਇੱਕ ਬੇਕਰੀ ਵਿੱਚ ਅਤੇ ਰੰਕਜ (31 ਸਾਲ) ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ। ਰੰਕਜ ਮੂਲ ਰੂਪ ਵਿੱਚ ਥੀਓਗ ਦੇ ਸੰਧੂ ਖੇਤਰ ਦਾ ਰਹਿਣ ਵਾਲਾ ਹੈ। ਹੁਣ ਉਨ੍ਹਾਂ ਕੋਲੋਂ ਵੀਡੀਓ ਮੰਗਵਾਉਣ ਅਤੇ ਵਾਇਰਲ ਕਰਨ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਪ੍ਰਸ਼ਾਸਨ ਨੇ ਮੰਨੀਆਂ ਵਿਦਿਆਰਥੀਆਂ ਦੀ ਮੰਗਾਂ
ਸੂਤਰਾਂ ਅਨੁਸਾਰ ਵਿਦਿਆਰਥੀਆਂ ਨੇ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਨੀਵਾਰ ਰਾਤ ਨੂੰ ਹੋਏ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ , ਲਾਠੀਚਾਰਜ ਦੀ ਜਾਂਚ, ਹਸਪਤਾਲ 'ਚ ਦਾਖਲ ਵਿਦਿਆਰਥੀਆਂ ਨੂੰ ਮੁਆਵਜ਼ਾ ਦੇਣ , ਗਰਲਜ਼ ਹੋਸਟਲ ਦਾ ਸਮਾਂ ਸਾਢੇ 8 ਵਜੇ ਤੋਂ ਵਧਾ ਕੇ 9:30 ਵਜੇ ਤੱਕ ਕਰਨ ਅਤੇ ਹੋਸਟਲ ਦੇ ਸਾਰੇ ਵਾਰਡਨ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਦੋਵਾਂ ਪਾਸਿਆਂ ਤੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਪੁਲੀਸ ਵੱਲੋਂ ਇਨਕਾਰ ਕਰਨ ’ਤੇ ਵਿਦਿਆਰਥੀ ਭੜਕੇ
ਐਤਵਾਰ ਸਵੇਰੇ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਮਾਮਲੇ ਦੀ ਜਾਂਚ ਲਈ ਸੀਯੂ ਕੈਂਪਸ ਵਿੱਚ ਪੁੱਜੇ। ਸੀਯੂ ਮੈਨੇਜਮੈਂਟ ਦੇ ਨਾਲ-ਨਾਲ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਿਸੇ ਵੀ ਵਿਦਿਆਰਥੀ ਦੀ ਵੀਡੀਓ ਵਾਇਰਲ ਨਹੀਂ ਹੋਈ ਅਤੇ ਵਿਦਿਆਰਥੀਆਂ ਨੂੰ ਗਲਤਫਹਿਮੀ ਹੋਈ ਹੈ। ਇਸ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਰੋਸ ਹੈ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਮੁਤਾਬਕ ਦੋਸ਼ੀ ਵਿਦਿਆਰਥਣ ਨੇ ਖੁਦ ਮੰਨਿਆ ਹੈ ਕਿ ਉਸ ਨੇ ਹੋਸਟਲ 'ਚ ਰਹਿਣ ਵਾਲੀਆਂ ਲੜਕੀਆਂ ਦੀਆਂ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜੀਆਂ ਪਰ ਪੰਜਾਬ ਪੁਲਸ ਕਹਿ ਰਹੀ ਹੈ ਕਿ ਲੜਕੀ ਨੇ ਸਿਰਫ ਆਪਣੀ ਵੀਡੀਓ ਬਣਾਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਝ ਅਧਿਕਾਰੀਆਂ ਨੇ ਲੜਕੀਆਂ ਦੇ ਕੱਪੜਿਆਂ 'ਤੇ ਵੀ ਟਿੱਪਣੀਆਂ ਕੀਤੀਆਂ। ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਨਿਰਾਜਗੀ ਹੈ।
ਇਸ ਦੌਰਾਨ ਜਿੱਥੇ ਪੁਲਿਸ ਕਹਿ ਰਹੀ ਹੈ ਕਿ ਦੋਸ਼ੀ ਲੜਕੀ ਨੇ ਸਿਰਫ ਆਪਣੀ ਵੀਡੀਓ ਆਪਣੇ ਬੁਆਏਫ੍ਰੈਂਡ ਨੂੰ ਭੇਜੀ ਸੀ, ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਲੜਕੀ ਨੇ ਕਈ ਇਤਰਾਜ਼ਯੋਗ ਵੀਡੀਓ ਭੇਜੇ ਹਨ। ਕੇਜਰੀਵਾਲ ਨੇ ਵੀ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।