ਚੰਡੀਗੜ੍ਹ: ਤਾਪਮਾਨ ਦੇ ਬਦਲਣ ਕਰਕੇ ਖੇਤਾਂ ਵਿੱਚ ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫਸਲ 'ਤੇ ਖ਼ਤਰੇ ਦੇ ਬੱਦਲ ਛਾ ਰਹੇ ਹਨ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਤੇਜ਼ ਬਾਰਸ਼ ਦੀ ਸੰਭਾਵਨਾ ਹੈ। 17 ਅਪਰੈਲ ਤਕ ਬੱਦਲਵਾਈ ਰਹੇਗੀ ਪਰ ਇਸ ਪਿੱਛੋਂ ਵੀਰਵਾਰ ਮਗਰੋਂ ਲਗਾਤਾਰ ਗਰਮੀ ਦਾ ਸੇਕ ਝੱਲਣਾ ਪਏਗਾ। ਪਿਛਲੇ ਕੁਝ ਦਿਨਾਂ ਤੋਂ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੇ ਰਾਮ ਨੌਮੀ 'ਤੇ ਬੱਦਲਵਾਈ ਨਾਲ ਰਾਹਤ ਦਾ ਸਾਹ ਲਿਆ।


ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀਆਂ ਦੇ ਚੱਲਦੇ ਮਾਰਚ ਵਿੱਚ ਬਾਰਸ਼ ਮਗਰੋਂ ਅਪਰੈਲ ਦੀ ਸ਼ੁਰੂਆਤ ਵਿੱਚ ਹੀ ਗਰਮੀ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਸ਼ੁੱਕਰਵਾਰ ਰਾਤ ਅਸਮਾਨ ਵਿੱਚ ਛਾਏ ਬੱਦਲਾਂ ਦਾ ਅਸਰ ਸ਼ਨੀਵਾਰ ਨੂੰ ਕਈ ਥਾਵਾਂ 'ਤੇ ਹਲਕੀ ਬਾਰਸ਼ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਦੇ ਬਾਅਦ ਕਿਸਾਨਾਂ ਦੇ ਚਿਹਰੇ 'ਤੇ ਚਿੰਤਾ ਸਾਫ ਨਜ਼ਰ ਆ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਖੇਤਾਂ ਵਿੱਚ ਡਿੱਗੀ ਪਾਣੀ ਦੀ ਇੱਕ ਬੂੰਦ ਵੀ ਕਣਕ ਦੀ ਪੱਕੀ ਹੋਈ ਫਸਲ ਲਈ ਬੇਹੱਦ ਹਾਨੀਕਾਰਕ ਹੈ। ਖੇਤੀ ਮਾਹਰਾਂ ਮੁਤਾਬਕ ਤੇਜ਼ ਹਵਾਵਾਂ ਵੀ ਫਸਲ ਖਰਾਬ ਕਰਨਗੀਆਂ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਤਕ ਹਲਕੇ ਬੱਦਲ ਛਾਏ ਰਹਿਣਗੇ।