ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਦੋਸ਼ ਲਾਇਆ ਕਿ ਈਡੀ ਦੇ ਛਾਪਿਆਂ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਜ਼ਬਤ ਕੀਤੇ ਗਏ ਕਰੋੜਾਂ ਰੁਪਏ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਹੀਂ ਸਗੋਂ ਚੰਨੀ ਦੇ ਹੀ ਹਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਗਰੀਬ ਅਤੇ ਦਲਿਤ ਦੱਸ ਕੇ ਮੁੱਖ ਮੰਤਰੀ ਚੰਨੀ ਆਪਣੀਆਂ ਗਲਤ ਕਰਤੂਤਾਂ ਤੋਂ ਭੱਜ ਨਹੀਂ ਸਕਦੇ।  ਛਾਪੇਮਾਰੀ ਦੌਰਾਨ ਮਿਲੀ ਕਰੋੜਾਂ ਦੀ ਬੇਨਾਮੀ ਸੰਪਤੀ ਅਤੇ ਬੇਹਿਸਾਬ ਕਰੋੜਾਂ ਰੁਪਏ ਦਾ ਹਿਸਾਬ-ਕਿਤਾਬ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਪਵੇਗਾ।



ਮਾਨ ਨੇ ਕਿਹਾ ਕਿ ਚਮਕੌਰ ਸਾਹਿਬ ਅਤੇ ਹੋਰ ਥਾਵਾਂ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਪਿੱਛੇ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਹੱਥ ਹੈ।  ਮਾਈਨਿੰਗ ਮਾਫੀਆ ਦਾ ਪੈਸਾ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਦਾ ਹੈ।  ਹਰ ਸੂਝਵਾਨ ਪੰਜਾਬੀ ਜਾਣਦਾ ਹੈ ਕਿ ਸਿਆਸਤਦਾਨਾਂ, ਮੰਤਰੀਆਂ ਅਤੇ ਮੁੱਖ ਮੰਤਰੀਆਂ ਨੇ  ਜਦੋਂ ਰਿਸ਼ਵਤ ਅਤੇ ਕਮਿਸ਼ਨ ਦਾ ਪੈਸਾ ਲੈਣਾ ਹੁੰਦਾ ਹੈ ਤਾਂ ਉਹ ਆਪਣੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਮਾਰਫ਼ਤ ਹੀ ਲੈਂਦੇ ਹਨ।



ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਜਦੋਂ ਈਡੀ ਦੇ ਛਾਪੇ ਵਿੱਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਅਤੇ ਰਿਸ਼ਤੇਦਾਰਾਂ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ ਹਨ ਤਾਂ ਉਹ ਆਪਣੇ ਆਪ ਨੂੰ ਗਰੀਬ ਅਤੇ ਦਲਿਤ ਦੱਸ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਮੈਂ ਮੁੱਖ ਮੰਤਰੀ ਚੰਨੀ ਨੂੰ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਚੋਰੀ ਕਰਦਾ ਹੈ ਜਾਂ ਕੋਈ ਗਲਤ ਕੰਮ ਜਾਂ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਕੰਮ ਨਾਲ ਜਾਤ-ਪਾਤ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਅੱਜ ਸਾਰਾ ਪੰਜਾਬ ਪੁੱਛ ਰਿਹਾ ਹੈ ਕਿ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ?  ਪੰਜਾਬ ਦੇ ਇਤਿਹਾਸ ਵਿੱਚ ਕਦੇ ਕਿਸੇ ਛਾਪੇਮਾਰੀ ਵਿੱਚ ਇੰਨੀ ਵੱਡੀ ਰਕਮ ਨਹੀਂ ਫੜੀ ਗਈ।



ਮਾਨ ਨੇ ਕਿਹਾ ਕਿ ਹੁਣ ਤਾਂ ਸਿਰਫ਼ ਉਨ੍ਹਾਂ ਦੇ ਇਕ ਹੀ ਰਿਸ਼ਤੇਦਾਰ ਦੇ ਘਰ ਰੇਡ ਹੋਈ ਹੈ, ਜੇਕਰ ਸਾਰਿਆਂ ਦੀ ਡਿਟੇਲ ਕੱਢੀ ਜਾਵੇ ਤਾਂ ਪਤਾ ਨਹੀਂ ਹੋਰ ਕਿੰਨੇ ਕਰੋੜ ਰੁਪਏ ਨਿਕਲਣਗੇ!  ਖੁਦ ਨੂੰ ਗਰੀਬ ਅਤੇ ਆਮ ਆਦਮੀ ਦੱਸਣ ਵਾਲੇ ਮੁੱਖ ਮੰਤਰੀ ਦੇ ਭਤੀਜੇ ਕੋਲ 12 ਲੱਖ ਰੁਪਏ ਦੀ ਰੋਲੈਕਸ ਘੜੀ ਸੀ। ਹੁਣ ਚੰਨੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਵੱਲ ਧਿਆਨ ਨਹੀਂ ਦਿੱਤਾ। ਇਸਤੋਂ ਤਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਉਹ ਆਪਣੇ ਘਰ ਦੇ ਚੋਰ ਨਹੀਂ ਫੜ ਸਕੇ ਤਾਂ ਫਿਰ ਪੂਰੇ ਪੰਜਾਬ ਦੇ ਚੋਰਾਂ ਨੂੰ ਕਿਵੇਂ ਫੜਨਗੇ?  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ-ਅਕਾਲੀਆਂ ਦੀ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ। ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਅਤੇ ਉਸ ਪੈਸੇ ਨਾਲ ਆਪਣੇ ਘਰ ਭਰ ਲਏ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰੇਗੀ ਅਤੇ ਉਸ ਪੈਸੇ ਨਾਲ ਲੋਕਾਂ ਨੂੰ ਸੁੱਖ ਸੁਵਿਧਾਵਾਂ ਮੁਹਈਆ ਕਰਵਾਏਗੀ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ