Punjab News: ਪੰਜਾਬ ਵਿੱਚ ਚੱਲ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਪਟਿਆਲਾ ਵਿੱਚ ਇੱਕ ਔਰਤ ਦੇ ਕੱਪੜੇ ਪਾੜਨ ਦੀ ਘਟਨਾ ਸਬੰਧੀ ਭਾਜਪਾ ਮਹਿਲਾ ਮੋਰਚਾ ਦੀ ਮੁਖੀ ਜੈਇੰਦਰ ਕੌਰ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਕਿਹਾ ਕਿ ਮੈਂ ਔਰਤਾਂ ਨਾਲ ਹੋ ਰਹੇ ਭਿਆਨਕ ਸਲੂਕ 'ਤੇ ਡੂੰਘੀ ਚਿੰਤਾ ਨਾਲ ਇਹ ਪੱਤਰ ਲਿਖ ਰਹੀ ਹਾਂ ਤੇ ਰਾਜ ਮਹਿਲਾ ਕਮਿਸ਼ਨ ਤੁਹਾਡੇ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ।
ਜੈ ਇੰਦਰ ਕੌਰ ਨੇ ਲਿਖਿਆ ਕਿ ਮੈਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਤਰਫੋਂ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਇਨ੍ਹਾਂ ਨਿੰਦਣਯੋਗ ਘਟਨਾਵਾਂ ਖ਼ਿਲਾਫ਼ ਤੁਰੰਤ ਤੇ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕਰ ਰਹੀ ਹਾਂ। ਪਟਿਆਲਾ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਭਾਜਪਾ ਉਮੀਦਵਾਰਾਂ ਤੇ ਸਮਰਥਕਾਂ ਸਮੇਤ ਔਰਤਾਂ ਨੂੰ ਆਮ ਆਦਮੀ ਪਾਰਟੀ (AAP) ਦੇ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਬਦਸਲੂਕੀ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਉਨ੍ਹਾਂ ਨੇ ਨਾਲ ਹੀ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ।
ਪਟਿਆਲਾ 'ਚ ਡੀਸੀ ਦਫ਼ਤਰ ਦੇ ਬਾਹਰ ਭਾਜਪਾ ਮਹਿਲਾ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਗਏ ਅਤੇ ਔਰਤਾਂ 'ਤੇ ਸਰੀਰਕ ਹਮਲਾ ਕੀਤਾ ਗਿਆ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਹਨਾਂ ਨਿੰਦਣਯੋਗ ਕਾਰਵਾਈਆਂ ਵਿੱਚ 'ਆਪ' ਦੇ ਸੀਨੀਅਰ ਆਗੂ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ (ਸਮਾਣਾ) ਅਤੇ ਵਿਧਾਇਕ ਅਜੀਤ ਪਾਲ ਕੋਹਲੀ (ਪਟਿਆਲਾ) ਸ਼ਾਮਲ ਸਨ।
ਹਾਈਕੋਰਟ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ
ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (Shiromni Akali Dal) ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟੀਸ਼ਨ 'ਚ ਪਟਿਆਲਾ ਸਮੇਤ ਕਈ ਥਾਵਾਂ 'ਤੇ ਨਾਮਜ਼ਦਗੀ ਦੌਰਾਨ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਮਾਮਲਾ ਉਠਾਇਆ ਗਿਆ ਹੈ। ਉਨ੍ਹਾਂ ਨੇ ਇਸ ਸਬੰਧੀ ਕਈ ਤੱਥ ਪੇਸ਼ ਕੀਤੇ ਹਨ। ਇਸ ਤੋਂ ਬਾਅਦ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਤੱਕ ਤੈਅ ਕੀਤੀ ਗਈ ਹੈ।