Farmer Protest: ਕੈਂਸਰ ਤੋਂ ਪੀੜਤ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjit Singh Dallewal) 26 ਨਵੰਬਰ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਖਨੌਰੀ ਸਰਹੱਦ 'ਤੇ ਭੁੱਖ ਹੜਤਾਲ 'ਤੇ ਹਨ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਡਾਕਟਰਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਜਗਜੀਤ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਸਥਿਤੀ ਇਹ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ ਪਰ ਡੱਲੇਵਾਲ ਆਪਣੀ ਗੱਲ ਉੱਤੇ ਬਜਿੱਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਗੱਲ ਮੰਨ ਲਵੇ ਨਹੀਂ ਉਹ ਸ਼ਹਾਦਤ ਦੇ ਦੇਣਗੇ।
ਡੱਲੇਵਾਲ ਦੇ ਇਸ ਦ੍ਰਿੜ ਨਿਸ਼ਚੇ ਨੂੰ ਦੇਖਕੇ ਸਿੱਖ ਬੁਧੀਜੀਵੀਆਂ ਤੇ ਸ਼ੰਘਰਸ਼ੀ ਯੋਧਿਆ ਦੇ ਮਨਾਂ ਵਿੱਚ ਦਰਸ਼ਨ ਸਿੰਘ ਫੇਰੂਮਾਨ ਦੀ ਜ਼ਿੰਦਗੀ ਘੁੰਮਣ ਲੱਗੀ ਹੈ। ਅਜੋਕੀ ਪੀੜੀ ਨੂੰ ਯਾਦ ਕਰਵਾ ਦਈਏ ਕਿ ਜਥੇਦਾਰ ਦਰਸ਼ਨ ਸਿੰਘ ਕੌਮ ਦੇ ਇਹੋ ਜਿਹੇ ਯੋਧੇ ਹੋਏ ਹਨ ਜਿਨ੍ਹਾਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ 74 ਦਿਨਾਂ ਦਾ ਮਰਨ ਵਰਤ ਰੱਖਕੇ ਸ਼ਹਾਦਤ ਹਾਸਲ ਕੀਤੀ।
ਕੌਣ ਨੇ ਦਰਸ਼ਨ ਸਿੰਘ ਫੇਰੂਮਾਨ
ਦਰਸ਼ਨ ਸਿੰਘ ਫੇਰੂਮਾਨ ਪੰਜਾਬ ਦਾ ਇੱਕ ਅਜਿਹਾ ਸਿੱਖ ਲੀਡਰ ਸੀ ਜੋ ਕਿ ਇਹ ਪੰਜਾਬ ਨੂੰ ਚੰਡੀਗੜ੍ਹ ਦੇਣ ਦੇ ਮਸਲੇ ਉੱਤੇ ਵਰਤ ਰੱਖ ਕੇ ਸ਼ਹੀਦ ਹੋ ਗਿਆ ਸੀ। 1960, 61 ਤੇ 65 ਵਿੱਚ ਕੁੱਝ ਅਕਾਲੀ ਆਗੂਆਂ ਵਲੋਂ ਮਰਨ ਵਰਤ ਰੱਖ ਕੇ ਛੱਡ ਦੇਣ ਦੀ ਬਦਨਾਮੀ ਮਗਰੋਂ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਤੇ ਹੋਰ ਮੰਗਾਂ ਦੇ ਨਾਲ-ਨਾਲ ਵਰਤ ਛੱਡਣ ਨਾਲ ਲੱਗੇ 'ਕਲੰਕ' ਨੂੰ ਲਾਹੁਣ ਵਾਸਤੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿਤਾ।
ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ ਦਾ ਐਲਾਨ ਕਰਨ ਉੱਤੇ ਉਸ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ 12 ਅਗਸਤ ਨੂੰ ਗ੍ਰਿਫ਼ਤਾਰ ਕਰ ਕੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ਭੇਜ ਦਿੱਤਾ। ਦਰਸ਼ਨ ਸਿੰਘ ਫੇਰੂਮਾਨ ਨੇ ਐਲਾਨ ਮੁਤਾਬਕ 15 ਅਗਸਤ, 1969 ਨੂੰ ਜੇਲ੍ਹ ਵਿੱਚ ਹੀ ਅਪਣਾ ਮਰਨ ਵਰਤ ਸ਼ੁਰੂ ਕਰ ਦਿਤਾ।
25 ਸਤੰਬਰ, 1969 ਨੂੰ ਜਦੋਂ ਫੇਰੂਮਾਨ ਦਾ ਮਰਨ ਵਰਤ 42ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਨੇਤਾ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸਰਬ-ਪਾਰਟੀ ਕਾਨਫ਼ਰੰਸ ਚੰਡੀਗੜ੍ਹ ਵਿੱਚ ਹੋਈ ਜਿਸ ਨੇ ਕੇਂਦਰ ਤੋਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।ਇਸ ਤੋਂ ਬਾਅਦ 28 ਸਤੰਬਰ ਨੂੰ ਸੱਤ ਪਾਰਟੀਆਂ ਦੇ 60 MLA ਨੇ ਪਾਰਲੀਮੈਂਟ ਦੇ ਬਾਹਰ ਚੰਡੀਗੜ੍ਹ ਵਾਸਤੇ ਧਰਨਾ ਮਾਰਿਆ। ਸਾਰੀਆਂ ਪਾਰਟੀਆਂ ਵਲੋਂ ਫੇਰੂਮਾਨ ਨੂੰ ਵਰਤ ਛੱਡਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਚੰਡੀਗੜ੍ਹ ਮਿਲਣ ਉੱਤੇ ਹੀ ਮਰਨ ਵਰਤ ਛੱਡਾਂਗਾ।
11 ਅਕਤੂਬਰ ਨੂੰ ਫੇਰੂਮਾਨ ਤੋਂ ਪੁਲਿਸ ਦਾ ਪਹਿਰਾ ਵੀ ਹਟਾ ਲਿਆ ਤੇ ਸਾਰੇ ਮੁਕੱਦਮੇ ਵਾਪਸ ਲੈ ਲਏ ਗਏ। ਮਰਨ ਵਰਤ ਦੇ 74ਵੇਂ ਦਿਨ, 27 ਅਕਤੂਬਰ, 1969 ਦੇ ਦਿਨ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਚੜ੍ਹਾਈ ਕਰ ਗਏ ਅਤੇ ਅਕਾਲੀ ਆਗੂਆਂ ਦੀ ਮਰਨ ਵਰਤ ਤੋਂ ਭੱਜਣ ਦੀ ਬੁਜ਼ਦਿਲੀ ਦਾ ਦਾਗ਼ ਮਿਟਾ ਗਿਆ।
ਡੱਲੇਵਾਲ ਦਾ ਮਰਨ ਵਰਤ ਜਾਰੀ
70 ਸਾਲਾ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਉਨ੍ਹਾਂ ਵੀ ਫੇਰੂਮਾਨ ਵਾਂਗ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਬੀਤੇ ਦਿਨ
ਖਨੌਰੀ ਬਾਰਡਰ 'ਤੇ ਮੰਜੇ 'ਤੇ ਲੇਟ ਕੇ ਅਤੇ ਹੱਥ 'ਚ ਮਾਈਕ ਫੜ ਕੇ ਡੱਲੇਵਾਲ ਨੇ ਕਿਹਾ ਕਿ ਜਿਹੜੇ ਕਿਸਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਉਹ ਉਨ੍ਹਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਹਨ। ਜ਼ਿਕਰ ਕਰ ਦਈਏ ਕਿ ਮਰਨ ਵਰਤ ਕਰਕੇ ਜਗਜੀਤ ਸਿੰਘ ਡੱਲੇਵਾਲ ਦਾਨ ਭਾਰ ਕਾਫੀ ਘੱਟ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੈ। ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਜ਼ਰੂਰੀ ਹੈ।