ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਮਿਹਣਾ ਸੁਣ ਅੱਜ ਦਿਨ ਚੜ੍ਹਦੇ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਬਠਿੰਡਾ ਪਹੁੰਚ ਗਏ। ਉਨ੍ਹਾਂ ਨੇ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਾ ਐਲਾਨ ਕੀਤਾ। ਉਹ ਕਿਸਾਨਾਂ ਨੂੰ ਮਿਲੇ ਤੇ ਉਨ੍ਹਾਂ ਕੋਲੋਂ ਜਾਣਕਾਰੀ ਹਾਸਲ ਕੀਤੀ।


ਦਰਅਸਲ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਹਣਾ ਮਾਰਿਆ ਸੀ ਕਿ ਉਹ ਭੰਗੜਾ ਛੱਡ ਕੇ ਕਿਸਾਨਾਂ ਦੀ ਸਾਰ ਲੈਣ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਦੇ ਉਸ ਵੀਡੀਓ ਉੱਪਰ ਟਿੱਪਣੀ ਕੀਤੀ ਸੀ ਜਿਸ ਵਿੱਚ ਚਰਨਜੀਤ ਚੰਨੀ ਵਿਦਿਆਰਥੀਆਂ ਨਾਲ ਸਟੇਜ ਉੱਪਰ ਭੰਗੜਾ ਪਾ ਰਹੇ ਹਨ।


ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭੰਗੜਾ ਪਾਉਣ ਦੀ ਥਾਂ ਇਸ ਇਲਾਕੇ ਵਿੱਚ ਆ ਕੇ ਨਰਮਾ ਕਾਸ਼ਤਕਾਰਾਂ ਦੇ ਦੁੱਖੜੇ ਸੁਣਨ ਤੇ ਉਨ੍ਹਾਂ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਕਰਨ। ਸੁਖਬੀਰ ਬਾਦਲ ਦਾ ਮਿਹਣਾ ਸੁਣਦੇ ਹੀ ਮੁੱਖ ਮੰਤਰੀ ਅੱਜ ਸਾਰੇ ਕੰਮ ਛੱਡ ਬਠਿੰਡਾ ਪਹੁੰਚ ਗਏ। ਉਨ੍ਹਾਂ ਨਾਲ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੀ ਮੌਜੂਦ ਹਨ।


ਸੁਖਬੀਰ ਬਾਦਲ ਨੇ ਲਾਇਆ ਇਲਜ਼ਾਮ


ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਪਹਿਲਾਂ ਕਾਂਗਰਸ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੁਰਸੀ ਦੀ ਲੜਾਈ ਲਈ ਕਿੰਨੇ ਮਹੀਨੇ ਖਰਾਬ ਕਰ ਦਿੱਤੇ ਤੇ ਰਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਹੁਣ ਨਵੀਂ ਸਰਕਾਰ ਕੈਬਨਿਟ ਮੰਤਰੀ ਬਣਾਉਣ ਵਿੱਚ ਰੁੱਝ ਗਈ ਹੈ। ਉਨ੍ਹਾਂ ਕਿਹਾ ਕਿ ਮਾਲਵੇ ਵਿੱਚ 80 ਤੋਂ 90 ਫ਼ੀਸਦੀ ਨਰਮੇ ਦੀ ਫ਼ਸਲ ਖਰਾਬ ਹੋ ਗਈ ਹੈ ਪਰ ਸਰਕਾਰੀ ਨੁਮਾਇੰਦਿਆਂ ਜਾਂ ਅਫਸਰਸ਼ਾਹੀ ਕੋਲ ਕਿਸਾਨਾਂ ਦੀ ਸਾਰ ਲੈਣ ਦਾ ਸਮਾਂ ਹੀ ਨਹੀਂ।


ਉਨ੍ਹਾਂ ਕਿਹਾ ਕਿ ਨਰਮੇ ਦੇ ਖਰਾਬੇ ਦਾ ਵੱਡਾ ਕਾਰਨ ਘਟੀਆ ਕੁਆਲਿਟੀ ਦੇ ਬੀਜ ਤੇ ਨਕਲੀ ਕੀੜੇਮਾਰ ਦਵਾਈਆਂ ਹਨ। ਉਨ੍ਹਾਂ ਜਿੱਥੇ ਪੰਜਾਬ ਸਰਕਾਰ ਤੋਂ ਬੀਜ ਕੰਪਨੀਆਂ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਨੁਕਸਾਨੀ ਫ਼ਸਲ ਦਾ ਪੰਜਾਹ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਖੇਤ ਮਜ਼ਦੂਰ ਵੀ ਪ੍ਰਭਾਵਿਤ ਹੋਣਗੇ, ਇਸ ਲਈ ਉਨ੍ਹਾਂ ਨੂੰ ਵੀ 15 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।