Punjab News: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵਾਪਸੀ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਵਿਦੇਸ਼ ਤੋਂ ਪਰਤਦਿਆਂ ਹੀ ਚੰਨੀ ਦੀਆਂ ਸਰਗਰਮੀਆਂ ਦੇ ਕਈ ਅਰਥ ਕੱਢੇ ਜਾ ਰਹੇ ਹਨ। ਚਰਨਜੀਤ ਚੰਨੀ ਲਗਾਤਾਰ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰ ਰਹੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਅੱਜ ਉਹ ਕਾਂਗਰਸ ਪ੍ਰਧਾਨ ਮਲਿਕਅਰੁਜਨ ਖੜਗੇ ਨੂੰ ਮਿਲੇ ਹਨ। ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ’ਚ ਦਾਖਲ ਹੋਣ ਤੋਂ ਪਹਿਲਾਂ ਚੰਨੀ ਵਿਦੇਸ਼ ਤੋਂ ਪਰਤੇ ਹਨ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਸਿਆਸਤ ’ਚੋਂ ਲੰਮੀ ਗ਼ੈਰਹਾਜ਼ਰੀ ਮਗਰੋਂ ਵਿਦੇਸ਼ ਤੋਂ ਪਰਤੇ ਹਨ। ਕਰੀਬ ਪੌਣੇ ਛੇ ਮਹੀਨਿਆਂ ਪਿੱਛੋਂ ਉਹ ਸਰਗਰਮ ਹੋਏ ਹਨ। ਅਹਿਮ ਗੱਲ ਹੈ ਕਿ ਚੰਨੀ ਦੇ ਨੇੜਲੇ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਚੋਣਾਂ ਮਗਰੋਂ ਪਿਛਲੇ ਕੁਝ ਦਿਨਾਂ ਤੋਂ ਹੀ ਆਪਣੇ ਹਲਕਾ ਬਠਿੰਡਾ ਵਿੱਚ ਸਰਗਰਮ ਹੋਏ ਹਨ। ਚੰਨੀ ਦੀ ਵਾਪਸੀ ਨੂੰ ਲੈ ਕੇ ਵਿਰੋਧੀ ਕਈ ਤਰ੍ਹਾਂ ਦੇ ਕਿਆਸ ਲਾ ਰਹੇ ਹਨ। ਪੰਜਾਬ ਦੀ ‘ਆਪ’ ਹਕੂਮਤ ਵੀ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਗਿਣਤੀ-ਮਿਣਤੀ ਲਾਉਣ ਲੱਗੀ ਹੈ।
ਚਰਨਜੀਤ ਚੰਨੀ ਨੇ ਅੱਜ ਕਾਂਗਰਸ ਪ੍ਰਧਾਨ ਮਲਿਕਅਰੁਜਨ ਖੜਗੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ ਹੈ।
ਇਸ ਤੋਂ ਪਹਿਲਾਂ ਚਰਨਜੀਤ ਚੰਨੀ ਨੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਨੂੰ ਹਿਮਾਚਲ ਚੋਣਾਂ ਵਿੱਚ ਜਿੱਤ ਦੀ ਵਧਾਈ ਦਿੱਤੀ ਸੀ।
ਦੱਸ ਦਈਏ ਕਿ ਚੰਨੀ ਦੀ ਗੈਰ-ਮੌਜੂਦਗੀ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਤਨਜ਼ ਕਸੇ ਜਾਂਦੇ ਰਹੇ ਹਨ ਜਦੋਂ ਕਿ ਚੰਨੀ ਨੇ ਕਿਹਾ ਸੀ ਕਿ ਉਹ ਅੱਖਾਂ ਦੇ ਇਲਾਜ ਤੇ ਪੀਐਚਡੀ ਦਾ ਥੀਸਿਸ ਲਿਖਣ ਵਾਸਤੇ ਵਿਦੇਸ਼ ਗਏ ਸਨ। ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ’ਚ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਸੀ ਤੇ ਚੰਨੀ ਇਨ੍ਹਾਂ ਚੋਣਾਂ ਵਿਚ ਭਦੌੜ ਤੇ ਚਮਕੌਰ ਸਾਹਿਬ ਹਲਕੇ ਤੋਂ ਚੋਣ ਹਾਰ ਗਏ ਸਨ। ਚੋਣ ਪ੍ਰਚਾਰ ਦੌਰਾਨ ਹੀ ਚੰਨੀ ਦੇ ਕਰੀਬੀ ਰਿਸ਼ਤੇਦਾਰ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਛਾਪਾ ਪਿਆ ਸੀ ਤੇ ਕਰੋੜਾਂ ਰੁਪਏ ਦੀ ਰਾਸ਼ੀ ਨਗਦ ਬਰਾਮਦ ਹੋਈ ਸੀ।
ਈਡੀ ਨੇ ਅਪਰੈਲ ਦੇ ਦੂਸਰੇ ਹਫ਼ਤੇ ਚੰਨੀ ਨੂੰ ਵੀ ਤਲਬ ਕੀਤਾ ਸੀ ਤੇ ਪੁੱਛਗਿੱਛ ਕੀਤੀ ਸੀ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਵੀ ਚੰਨੀ ਦੇ ਗ਼ਾਇਬ ਹੋਣ ਦੀ ਗੱਲ ਚੱਲੀ ਸੀ। ਚੰਨੀ ਵੱਲੋਂ ਵਿਦੇਸ਼ ਤੋਂ ਪਰਤਣ ਤੋਂ ਬਾਅਦ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਗਈ ਤੇ ਇਸੇ ਤਰ੍ਹਾਂ ਚੰਨੀ ਨੇ ਪਾਰਟੀ ਦੀ ਆਗੂ ਪ੍ਰਿਅੰਕਾ ਗਾਂਧੀ ਨਾਲ ਮਿਲਣੀ ਕਰਕੇ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਪਾਰਟੀ ਦੀ ਜਿੱਤ ’ਤੇ ਵਧਾਈ ਵੀ ਦਿੱਤੀ।