Punjab Road Accident : ਦੇਸ਼ ਵਿੱਚ ਹਰ ਰੋਜ਼ ਬਹੁਤ ਸਾਰੇ ਲੋਕ ਅਕਸਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਅਤੇ ਆਪਣੇ ਜਾਂ ਸਾਹਮਣੇ ਵਾਲੇ ਵਿਅਕਤੀ ਦੀ ਅਣਗਹਿਲੀ ਕਾਰਨ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਦੇਸ਼ ਵਿੱਚ ਰੋਜ਼ਾਨਾ ਕਈ ਸੜਕ ਹਾਦਸੇ ਵਾਪਰਦੇ ਹਨ ਪਰ ਹੁਣ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦਾ ਜੋ ਅੰਕੜਾ ਸਾਹਮਣੇ ਆਇਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਸਾਲ 2021 ਵਿੱਚ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ 4 ਹਜ਼ਾਰ 589 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਠੰਡ ਤੇ ਧੁੰਦ ਨੇ ਫੜਿਆ ਜ਼ੋਰ , ਠੰਡ ਨੇ ਠਾਰੇ ਲੋਕਾਂ ਦੇ ਹੱਡ , ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਸਾਲ 2021 'ਚ ਰੋਜ਼ਾਨਾ 13 ਲੋਕਾਂ ਨੇ ਸੜਕ ਹਾਦਸਿਆਂ 'ਚ ਗੁਆਈ ਆਪਣੀ ਜਾਨ
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਸੋਮਵਾਰ ਨੂੰ 'ਪੰਜਾਬ ਰੋਡ ਐਕਸੀਡੈਂਟਸ ਐਂਡ ਟ੍ਰੈਫਿਕ - 2021' ਦੀ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਅਨੁਸਾਰ ਸਾਲ 2021 ਵਿੱਚ ਸੜਕ ਹਾਦਸਿਆਂ ਵਿੱਚ ਹਰ ਰੋਜ਼ 13 ਲੋਕਾਂ ਦੀ ਮੌਤ ਹੋਈ, ਜੋ ਕਿ ਸਾਲ 2020 ਦੇ ਸੜਕ ਹਾਦਸਿਆਂ ਨਾਲੋਂ 17.7 ਫੀਸਦੀ ਵੱਧ ਹੈ। ਸਾਲ 2020 ਵਿੱਚ ਪੰਜਾਬ ਵਿੱਚ 3898 ਮੌਤਾਂ ਹੋਈਆਂ ਸਨ। ਪੰਜਾਬ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਦਾ ਇਨ੍ਹਾਂ ਸੜਕ ਹਾਦਸਿਆਂ 'ਤੇ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਕਾਰਨ 2020 'ਚ ਸੜਕਾਂ 'ਤੇ ਘੱਟ ਟਰੈਫਿਕ ਸੀ, ਇਸ ਲਈ ਸੜਕ ਹਾਦਸਿਆਂ 'ਚ ਕਮੀ ਆਈ ਹੈ।
ਤੇਜ਼ ਰਫਤਾਰ ਕਾਰਨ ਹੋਈਆਂ 3,276 ਮੌਤਾਂ
'ਪੰਜਾਬ ਰੋਡ ਐਕਸੀਡੈਂਟਸ ਐਂਡ ਟ੍ਰੈਫਿਕ - 2021' ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੀ ਕੁੱਲ ਆਬਾਦੀ ਵਿੱਚੋਂ ਅੰਦਾਜ਼ਨ 2.29 ਆਬਾਦੀ ਪੰਜਾਬ ਵਿੱਚ ਰਹਿੰਦੀ ਹੈ ਪਰ ਸੜਕ ਹਾਦਸਿਆਂ ਵਿੱਚ ਰਾਜ ਦਾ ਹਿੱਸਾ 2.8 ਫੀਸਦੀ ਸੀ। ਓਵਰਸਪੀਡ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ ਅਤੇ ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ ਮੌਤ ਦਾ ਮੁੱਖ ਕਾਰਨ ਹੈ। ਸਾਲ 2021 'ਚ ਸੜਕ ਹਾਦਸਿਆਂ 'ਚ 3 ਹਜ਼ਾਰ 276 ਲੋਕਾਂ ਦੀ ਮੌਤ ਓਵਰ ਸਪੀਡ ਕਾਰਨ ਹੋਈ ਸੀ ਜਦਕਿ 522 ਲੋਕਾਂ ਦੀ ਮੌਤ ਗਲਤ ਦਿਸ਼ਾ 'ਚ ਗੱਡੀ ਚਲਾਉਣ ਕਾਰਨ ਹੋਈ ਸੀ। ਇਨ੍ਹਾਂ ਸੜਕ ਹਾਦਸਿਆਂ ਕਾਰਨ ਪੰਜਾਬ ਵਿੱਚ 17,851 ਕਰੋੜ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ ਸ਼ਾਮਲ 69 ਫੀਸਦੀ ਲੋਕ 18 ਤੋਂ 45 ਸਾਲ ਦੀ ਉਮਰ ਦੇ ਸਨ।