ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨਵੀਂ ਕੈਬਨਿਟ ਬਣਨ ਮਗਰੋਂ ਸਰਕਾਰ ਐਕਸ਼ਨ ਦੇ ਮੋਡ ਵਿੱਚ ਆ ਗਈ ਹੈ। ਮੁੱਖ ਮੰਤਰੀ ਚੰਨੀ ਨੇ ਨਵੀਂ ਕੈਬਨਿਟ ਦੀ ਪਲੇਠੀ ਮੀਟਿੰਗ ਬੁਲਾ ਲਈ ਹੈ। ਇਸ ਮੀਟਿੰਗ ਵਿੱਚ ਵੱਡੇ ਫੈਸਲੇ ਲੈਣ ਦੀ ਉਮੀਦ ਹੈ। ਚਰਚਾ ਹੈ ਕਿ ਸਰਕਾਰ ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਬਾਰੇ ਫੈਸਲਾ ਲੈ ਸਕਦੀ ਹੈ।


ਹਾਸਲ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪਹਿਲਾਂ ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਤੋਂ ਕਿਨਾਰਾ ਕਰ ਲਿਆ ਸੀ ਤੇ ਦਰਜਾ ਚਾਰ ਦੀ ਰੈਗੂਲਰ ਭਰਤੀ ਦੀ ਥਾਂ ਆਊਟ ਸੋਰਸਿੰਗ ਰਾਹੀਂ ਭਰਤੀ ਦਾ ਫੈਸਲਾ ਕੀਤਾ ਸੀ। ਅਮਰਿੰਦਰ ਦੀ ਆਖਰੀ ਕੈਬਨਿਟ ਮੀਟਿੰਗ ਵਿੱਚ ਜੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਫੈਸਲਾ ਟਲ ਗਿਆ ਸੀ, ਉਹ ਅੱਜ ਦੀ ਮੀਟਿੰਗ ਵਿੱਚ ਫਿਲਹਾਲ ਨਹੀਂ ਆ ਰਿਹਾ ਹੈ।


ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਚ ਸ਼ਾਮਲ 15 ਨਵੇਂ ਮੰਤਰੀਆਂ ਨੇ ਐਤਵਾਰ ਹਲਫ਼ ਲੈ ਲਿਆ ਹੈ। ਨਵੀਂ ਕੈਬਨਿਟ ’ਚ ਸੱਤ ਨਵੇਂ ਚਿਹਰੇ ਸ਼ਾਮਲ ਹੋਏ ਹਨ ਜਦੋਂਕਿ ਪੰਜ ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋ ਗਈ ਹੈ।


ਅਗਲੀਆਂ ਚੋਣਾਂ ਤੋਂ ਐਨ ਪਹਿਲਾਂ ਨਵੇਂ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਕੈਬਨਿਟ ਦਾ ਵਿਸਥਾਰ ਹੋਇਆ ਹੈ ਜਿਸ ’ਚ ਸਮਾਜਿਕ ਤੇ ਇਲਾਕਾਈ ਤਵਾਜ਼ਨ ਦਾ ਖਿਆਲ ਰੱਖਿਆ ਗਿਆ ਹੈ। ਨਵੀਂ ਕੈਬਨਿਟ ਲਈ 18 ਨੁਕਾਤੀ ਏਜੰਡਾ, ਚੋਣ ਵਾਅਦਿਆਂ ਦੀ ਪੂਰਤੀ ਨੂੰ ਸਿਰਫ਼ 90 ਦਿਨਾਂ ਵਿਚ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ। ਸਰਕਾਰ ਨੂੰ ਹੁਣ ਮੁੱਦਿਆਂ ਨੂੰ ਹਕੀਕਤ ਬਣਾਉਣ ਲਈ ਦਲੇਰਾਨਾ ਤੇ ਫੁਰਤੀ ਵਾਲੇ ਫੈਸਲੇ ਲੈਣੇ ਪੈਣਗੇ। ਨਵੀਂ ਕੈਬਨਿਟ ਲਈ ਇਹ ਵੀ ਚੁਣੌਤੀ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਚ ਜੋ ਵਕਤ ਅਜਾਈਂ ਚਲਾ ਗਿਆ ਹੈ, ਉਸ ਦੀ ਭਰਪਾਈ ਵੀ ਕਰਨੀ ਹੋਵੇਗੀ।


ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਮੁਲਾਜ਼ਮਾਂ ਦਾ ਰੋਸ ਹੈ। ਕੱਚੇ ਅਧਿਆਪਕਾਂ ਨੇ ਵੀ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ। ਐਤਵਾਰ ਨੂੰ ਅਧਿਆਪਕਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ, ਪਰ ਪੁਲਿਸ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ।


ਇਹ ਵੀ ਪੜ੍ਹੋ:  Punjab Police Constable Recruitment 2021: ਪੰਜਾਬ ਪੁਲਿਸ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਛੇਤੀ ਕਰੋ ਅਪਲਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904