ਜਲੰਧਰ: ਉੱਘੇ ਕਾਂਗਰਸੀ ਆਗੂ ਅਤੇ ਜਲੰਧਰ ਤੋਂ ਸੰਭਾਵਿਤ ਉਮੀਦਵਾਰ ਚੌਧਰੀ ਸੰਤੋਖ ਸਿੰਘ ਮੁਸੀਬਤ ਵਿੱਚ ਘਿਰਦੇ ਜਾਪਦੇ ਹਨ। ਇੱਕ ਨਿਜੀ ਚੈਨਲ ਵੱਲੋਂ ਸੰਤੋਖ ਚੌਧਰੀ ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਸੀ, ਜਿਸ ਮਗਰੋਂ ਕਾਂਗਰਸ ਪਾਰਟੀ ਬੈਕਫੁੱਟ 'ਤੇ ਹੈ ਅਤੇ ਹੁਣ ਪਾਰਟੀ ਉਨ੍ਹਾਂ ਨੂੰ ਲੋਕ ਸਭਾ ਚੋਣ ਲੜਾਉਣ ਵਿੱਚ ਜੋਖਮ ਦੀ ਮਿਣਤੀ-ਗਿਣਤੀ ਕਰਨ ਲੱਗ ਪਈ ਹੈ। ਪਾਰਟੀ ਸੂਤਰਾਂ ਮੁਤਾਬਕ ਚੌਧਰੀ ਨੂੰ ਦਿੱਲੀ ਤਲਬ ਕੀਤਾ ਗਿਆ ਹੈ ਅਤੇ ਉਹ ਚੁੱਪ ਚਪੀਤੇ ਦਿੱਲੀ ਚਲੇ ਗਏ ਹਨ।
ਜਲੰਧਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਚੌਧਰੀ ਦਾ ਇਹ ਸਟਿੰਗ ਦਿੱਲੀ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਉਹ ਕਥਿਤ ਤੌਰ 'ਤੇ ਰਿਪੋਰਟਰ ਨੂੰ ਉਨ੍ਹਾਂ ਦੀ ਸਰਕਾਰ ਆਉਣ 'ਤੇ ਠੇਕੇ ਦਿਵਾਉਣ ਦੇ ਮਾਮਲੇ ਨੂੰ ਵਿਚਾਰਨ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਚੌਧਰੀ ਆਪਣੇ 'ਤੇ ਇਲਜ਼ਾਮਾਂ ਨੂੰ ਖਾਰਜ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਇਹ ਇੱਕ ਭਾਜਪਾ ਪ੍ਰਸਤ ਚੈਨਲ ਦੀ ਚਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਮਾਨਦਾਰੀ ਸਭ ਨੂੰ ਪਤਾ ਹੈ।
ਸੂਤਰਾਂ ਦੀ ਮੰਨੀਏ ਤਾਂ ਮੰਗਲਵਾਰ ਨੂੰ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿੱਚ ਬੈਠਕ ਕੀਤੀ, ਜਿਸ ਵਿੱਚ ਸਟਿੰਗ ਮੁੱਦੇ 'ਤੇ ਵੀ ਚਰਚਾ ਹੋਈ। ਕਾਂਗਰਸ ਵੀ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਟਲ ਰਹੀ ਹੈ। ਪਰ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਹੈ ਵੀਡੀਓ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਨਾ ਹੀ ਕਿਤੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।